ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐਤਵਾਰ ਨੂੰ ਇਜ਼ਰਾਈਲ ਦੀ ਪੰਜ ਦਿਨਾਂ ਯਾਤਰਾ ਲਈ ਰਵਾਨਾ ਹੋ ਚੁੱਕੇ ਹਨ। ਸ਼ੱਕਰਵਾਰ ਨੂੰ ਅੰਮ੍ਰਿਤਸਰ ਵਿੱਚ ਵਾਪਰੇ ਰੇਲ ਹਾਦਸੇ ਤੋਂ ਬਾਅਦ ਉਨ੍ਹਾਂ ਇਹ ਦੌਰਾ ਟਾਲ਼ ਦਿੱਤਾ ਸੀ। ਇਸਤੋਂ ਪਹਿਲਾਂ ਉਨ੍ਹਾਂ 19 ਅਕਤੂਬਰ ਦੀ ਸ਼ਾਮ ਨੂੰ ਇਜ਼ਰਾਈਲ ਲਈ ਰਵਾਨਾ ਹੋਣਾ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਇਕ ਉੱਚ ਪੱਧਰੀ ਵਫਦ ਦੀ ਅਗਵਾਈ ਕਰ ਰਹੇ ਹਨ। ਇਸ ਦੌਰੇ ਦੌਰਾਨ ਉਹ ਕਈ ਇਜ਼ਰਾਈਲੀ ਮੰਤਰੀਆਂ ਤੇ ਉੱਚ ਪੱਧਰੀ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਇਸ ਮੁਲਾਕਾਤ ਦੌਰਾਨ ਪੰਜਾਬ ਸਰਕਾਰ ਇਜ਼ਰਾਇਲ ਨਾਲ ਖੇਤੀਬਾੜੀ ਤੇ ਪਾਣੀ ਦੀ ਸੰਭਾਲ ਦੇ ਖੇਤਰਾਂ ਵਿੱਚ ਦੋ ਸਮਝੌਤਿਆਂ 'ਤੇ ਦਸਤਖਤ ਕਰੇਗੀ।

ਅਧਿਕਾਰੀ ਨੇ ਦੱਸਿਆ ਕਿ ਪੰਜਾਬ ਨੇ ਇਜ਼ਰਾਈਲ ਦੀ ਅਤਿ-ਆਧੁਨਿਕ ਤਕਨਾਲੋਜੀ, ਖੁਫੀਆ ਤੇ ਘਰੇਲੂ ਸੁਰੱਖਿਆ ਵਿੱਚ ਮੁਹਾਰਤ ਨੂੰ ਆਪਣੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਦਿਲਚਸਪੀ ਦਿਖਾਈ ਹੈ। ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਧੀਕ ਮੁੱਖ ਸਕੱਤਰ (ਉਦਯੋਗ) ਵਿਨੀ ਮਹਾਜਨ, ਏਸੀਐਸ ਵਿਕਾਸ ਵਿਸ਼ਵਜੀਤ ਖੰਨਾ ਤੇ ਡੀਜੀਪੀ ਖੁਫ਼ੀਆ ਵਿਭਾਗ ਦਿਨਕਰ ਗੁਪਤਾ ਵੀ ਮੌਜੂਦ ਹਨ।