59 ਜਾਨਾਂ ਨੂੰ ਟ੍ਰੇਨ ਹੇਠਾਂ ਦਰੜਨ ਵਾਲੇ ਡਰਾਈਵਰ ਦੀ ਸਫ਼ਾਈ
ਏਬੀਪੀ ਸਾਂਝਾ | 21 Oct 2018 05:03 PM (IST)
ਅੰਮ੍ਰਿਤਸਰ: ਦੁਸਹਿਰੇ ਵਾਲੇ ਦਿਨ ਆਪਣੀ ਡੀਐਮਯੂ ਰੇਲ ਹੇਠਾਂ ਸੈਂਕੜੇ ਲੋਕਾਂ ਨੂੰ ਦਰੜਨ ਵਾਲੇ ਟ੍ਰੇਨ ਡ੍ਰਾਈਵਰ ਦਾ ਬਿਆਨ ਸਾਹਮਣੇ ਆਇਆ ਹੈ। ਬਿਆਨ ਵਿੱਚ ਉਸ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਹੈ ਅਤੇ ਇਹ ਦਾਅਵਾ ਵੀ ਕੀਤਾ ਹੈ ਕਿ ਉਸ ਨੇ ਲੋਕਾਂ ਨੂੰ ਟਰੇਨ ਹੇਠਾਂ ਆਉਣ ਤੋਂ ਬਚਾਉਣ ਦੀਆਂ ਕੋਸ਼ਿਸ਼ ਵੀ ਕੀਤੀ। ਡੀਐਮਯੂ ਚਾਲਕ ਅਰਵਿੰਦ ਕੁਮਾਰ ਨੇ ਆਪਣੇ ਬਿਆਨ ਵਿੱਚ ਦੱਸਿਆ ਹੈ ਕਿ ਉਹ ਜਲੰਧਰ ਤੋਂ ਸ਼ਾਮ 5:10 'ਤੇ ਰੇਲ ਲੈਕੇ ਚੱਲਿਆ ਸੀ ਤੇ ਸ਼ਾਮ 6:46 'ਤੇ ਅੰਮ੍ਰਿਤਸਰ ਦੇ ਬਾਹਰ ਵਾਲੇ ਸਿਗਨਲ 'ਤੇ ਪੁੱਜ ਗਿਆ ਸੀ। ਉਸ ਨੇ ਦੱਸਿਆ ਕਿ ਸਿਗਨਲ ਨੰਬਰ 27 ਉਤੇ ਹਰਾ ਸਿਗਨਲ ਮਿਲਣ 'ਤੇ ਕਿਲੋਮੀਟਰ ਸੰਖਿਆ 508/11 ਕੋਲ ਪਹੁੰਚੀ ਤਾਂ ਸਾਹਮਣੇ ਤੋਂ ਰੇਲ ਗੱਡੀ ਨੰਬਰ 13006 (DN) ਆ ਰਹੀ ਸੀ। ਅਰਵਿੰਦ ਦੇ ਬਿਆਨ ਮੁਤਾਬਕ ਇਸ ਤੋਂ ਬਾਅਦ ਲੋਕਾਂ ਦਾ ਝੁੰਡ ਟਰੈਕ ਦੇ ਨੇੜੇ-ਤੇੜੇ ਦਿੱਸਿਆ। ਉਸ ਨੇ ਦਾਅਵਾ ਕੀਤਾ ਕਿ ਲੋਕਾਂ ਨੂੰ ਦੇਖਦਿਆਂ ਹੀ ਉਸ ਨੇ ਐਮਰਜੈਂਸੀ ਬਰੇਕ ਲਾ ਦਿੱਤੇ ਤੇ ਲਗਾਤਾਰ ਹੌਰਨ ਵਜਾ ਰਿਹਾ ਸੀ। ਅਰਵਿੰਦ ਨੇ ਲਿਖਿਆ ਕਿ ਗੱਡੀ ਲਗਪਗ ਰੁਕਣ ਹੀ ਵਾਲੀ ਸੀ ਕਿ ਵੱਡੀ ਗਿਣਤੀ ਵਿੱਚ ਮੌਜੂਦ ਲੋਕਾਂ ਨੇ ਉਸ ਦੀ ਟ੍ਰੇਨ 'ਤੇ ਪੱਧਰ ਮਾਰਨੇ ਸ਼ੁਰੂ ਕਰ ਦਿੱਤੇ। ਅਰਵਿੰਦ ਦੇ ਬਿਆਨ ਮੁਤਾਬਕਉਸ ਨੇ ਮੁਸਾਫ਼ਰਾਂ ਦੀ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਆਪਣੀ ਟ੍ਰੇਨ ਅੱਗੇ ਵਧਾ ਦਿੱਤੀ, ਜਿਸ ਕਾਰਨ ਕੁਝ ਲੋਕ ਉਸ ਹੇਠ ਆ ਗਏ। ਉਸ ਨੇ ਇਸ ਦੀ ਸੂਚਨਾ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਦੇ ਦਿੱਤੀ। ਅਰਵਿੰਦ ਦੇ ਟਰੇਨ ਸਵਾਰੀਆਂ ਦੀ ਸੁਰੱਖਿਆ ਦੇ ਤਰਕ ਨੇ 59 ਜਾਨਾਂ ਲੈ ਲਈਆਂ। ਹਾਦਸੇ ਦੀਆਂ ਜਿਹੜੀਆਂ ਵੀ ਵੀਡੀਓ ਸਾਹਮਣੇ ਆਈਆਂ ਹਨ, ਉਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਡੀਐਮਯੂ ਰੇਲ ਕਾਫ਼ੀ ਤੇਜ਼ ਸੀ, ਪਰ ਚਾਲਕ ਦਾ ਦਾਅਵਾ ਉਲਟ ਹੈ। ਪਰ ਇਹ ਸਵਾਲ ਹੁਣ ਅਣਸੁਲਝੇ ਰਹਿ ਹੀ ਜਾਣਗੇ, ਕਿਉਂਕਿ ਰੇਲਵੇ ਬੋਰਡ ਇਸ ਹਾਦਸੇ ਦੀ ਜਾਂਚ ਨਹੀਂ ਕਰ ਰਿਹਾ ਅਤੇ ਰੇਲ ਰਾਜ ਮੰਤਰੀ ਮਨੋਜ ਸਿਨ੍ਹਾ ਨੇ ਇਸ ਹਾਦਸੇ ਲਈ ਸਥਾਨਕ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉੱਧਰ, ਪੰਜਾਬ ਸਰਕਾਰ ਨੇ ਇੱਕ ਮਹੀਨੇ ਤਕ ਇਸ ਦੀ ਮੈਜਿਸਟ੍ਰੇਟੀ ਜਾਂਚ ਪੂਰੀ ਕਰਨ ਦੇ ਹੁਕਮ ਦਿੱਤੇ ਹਨ ਤੇ ਇਸ ਮਾਮਲੇ 'ਤੇ ਰੱਜ ਕੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਘਟਨਾ ਕਾਰਨ ਕੁਝ ਵੀ ਹੋਣ ਪਰ 59 ਜਾਨਾਂ ਜਾਣ ਨਾਲ ਪਰਿਵਾਰਾਂ ਨੂੰ ਪਏ ਘਾਟੇ ਦੀ ਭਰਪਾਈ ਸਰਕਾਰਾਂ ਵੱਲੋਂ ਦਿੱਤੇ ਜਾਣ ਵਾਲੇ ਸੱਤ-ਸੱਤ ਲੱਖ ਰੁਪਏ ਨਾਲ ਕਦੇ ਨਹੀਂ ਹੋ ਸਕਦੀ।