ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁਲੇਟ ਟ੍ਰੇਨਾਂ ਦੇ ਸੁਫਨੇ ਵੇਖ ਰਹੇ ਹਨ ਪਰ ਅੱਜ ਤੱਕ ਸਰਕਾਰਾਂ ਰੇਲ ਗੱਡੀਆਂ ਦੇ ਮੌਤ ਦੇ ਕਹਿਰ ਨੂੰ ਠੱਲ੍ਹ ਨਹੀਂ ਪਾ ਸਕੀਆਂ। ਇਹ ਜਾਣ ਕੇ ਹੈਰਾਨੀ ਹੋਏਗੀ ਕਿ ਲੰਘੇ ਤਿੰਨ ਵਰ੍ਹਿਆਂ ਦੌਰਾਨ 49,790 ਵਿਅਕਤੀਆਂ ਦੀ ਮੌਤ ਰੇਲ ਗੱਡੀਆਂ ਹੇਠਾਂ ਆਉਣ ਨਾਲ ਹੋਈ ਹੈ। ਅੱਜ ਵੀ ਦੇਸ਼ ਵਿੱਚ ਅਜਿਹਾ ਰੇਲ ਸਿਸਟਮ ਨਹੀਂ ਉਸਾਰਿਆ ਜਾ ਸਕਿਆ ਜਿਹੜਾ ਰੇਲ ਹਾਦਸਿਆਂ ਨੂੰ ਟਾਲ ਸਕੇ।
ਇਸ ਦੀ ਤਾਜ਼ਾ ਮਿਸਾਲ ਅੰਮ੍ਰਿਤਸਰ ਹਾਦਸਾ ਹੈ ਜਿਸ ਵਿੱਚ 59 ਜਾਨਾਂ ਗਈਆਂ ਹਨ। ਬੇਸ਼ੱਕ ਇਸ ਹਾਦਸੇ ਦੀ ਜਾਂਚ ਵਿੱਚ ਕੁਝ ਵੀ ਆਏ ਪਰ ਪਹਿਲੀ ਨਜ਼ਰੇ ਰੇਲਵੇ ਮਹਿਕਮੇ 'ਤੇ ਹੀ ਸਵਾਲ ਉੱਠਦੇ ਹਨ। ਰੇਲਵੇ ਕੋਲ ਸੰਚਾਰ ਦਾ ਅਜਿਹਾ ਕੋਈ ਸਿਸਟਮ ਨਹੀਂ ਜਿਹੜਾ ਵੇਲੇ ਸਿਰ ਸੂਚਨਾ ਦੇ ਕੇ ਹਾਦਸਿਆਂ ਨੂੰ ਟਾਲ ਸਕਦਾ ਹੋਏ।
ਇਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਰੇਲ ਮੰਤਰਾਲੇ ਅਨੁਸਾਰ ਉੱਤਰੀ ਸੂਬਿਆਂ ਦੇ ਰੇਲ ਮਾਰਗਾਂ ’ਤੇ ਸਾਲ 2017 ਵਿੱਚ 2455 ਵਿਅਕਤੀ ਕੁਚਲੇ ਗਏ ਤੇ ਸਾਲ 2016 ਵਿੱਚ 2753 ਵਿਅਕਤੀ ਜਾਨ ਤੋਂ ਹੱਥ ਧੋ ਬੈਠੇ ਹਨ। ਸਾਲ 2015 ਵਿੱਚ ਇਨ੍ਹਾਂ ਮੌਤਾਂ ਦੀ ਗਿਣਤੀ 2700 ਰਹੀ ਹੈ।
ਹਾਸਲ ਅੰਕੜਿਆਂ ਮੁਤਾਬਕ ਦੇਸ਼ ਵਿੱਚ ਸਾਲ 2017-18 ਦੌਰਾਨ 73 ਰੇਲ ਹਾਦਸੇ ਵਾਪਰੇ ਹਨ, ਜਿਨ੍ਹਾਂ ਦੀ ਗਿਣਤੀ 2016-17 ਵਿੱਚ 104 ਸੀ। ਕੋਈ ਵਰ੍ਹਾ ਅਜਿਹਾ ਨਹੀਂ, ਜਦੋਂ ਰੇਲ ਹਾਦਸਿਆਂ ਦਾ ਅੰਕੜਾ ਇੱਕ ਸੌ ਤੋਂ ਨਾ ਟੱਪਿਆ ਹੋਵੇ।