ਅੰਮ੍ਰਿਤਸਰ: ਸ਼ਹਿਰ ਦੇ ਜੌੜਾ ਫਾਟਕ ਨੇੜੇ ਬੀਤੇ ਸ਼ੁੱਕਰਵਾਰ ਦਰਦਨਾਕ ਰੇਲ ਹਾਦਸੇ ਵਿੱਚ ਮਾਰੇ ਗਏ 59 ਲੋਕਾਂ ਦੇ ਪਰਿਵਾਰਕ ਮੈਂਬਰ ਸੜਕਾਂ 'ਤੇ ਉੱਤਰ ਆਏ ਹਨ। ਸ਼ਹਿਰ ਬੰਦ ਕਰਵਾਉਣ ਜਾ ਰਹੇ ਪੀੜਤ ਪਰਿਵਾਰਕ ਮੈਂਬਰਾਂ ਦੀ ਪੁਲਿਸ ਨਾਲ ਧੱਕਾ-ਮੁੱਕੀ ਹੋ ਗਈ ਹੈ। ਪੁਲਿਸ ਨੇ ਪ੍ਰਦਰਸ਼ਕਾਰੀਆਂ ਨੂੰ ਖਦੇੜ ਦਿੱਤਾ ਹੈ ਤੇ ਅੰਮ੍ਰਿਤਸਰ-ਦਿੱਲੀ ਕੌਮੀ ਸ਼ਾਹਰਾਹ ਆਵਾਜਾਈ ਲਈ ਖੁੱਲ੍ਹਵਾ ਦਿੱਤਾ ਹੈ।


ਪੀੜਤ ਪਰਿਵਾਰ ਸ਼ਹਿਰ ਬੰਦ ਕਰਵਾਉਣ ਲਈ ਨਿੱਕਲੇ ਸਨ ਤੇ ਇਸ ਦੌਰਾਨ ਉਨ੍ਹਾਂ ਦਾ ਟਾਕਰਾ ਪੁਲਿਸ ਨਾਲ ਹੋ ਗਿਆ। ਮ੍ਰਿਤਕ ਪਰਿਵਾਰਾਂ ਦੇ ਇੱਕ-ਇੱਕ ਜੀਅ ਲਈ ਸਰਕਾਰੀ ਨੌਕਰੀ ਦੀ ਮੰਗ ਲਈ ਅੱਜ ਪੀੜਤ ਪਰਿਵਾਰਾਂ ਨੇ ਅੰਮ੍ਰਿਤਸਰ ਬੰਦ ਕਰਵਾਉਣ ਦੀ ਯੋਜਨਾ ਉਲੀਕੀ ਸੀ, ਜੋ ਕਾਰਗਰ ਨਾ ਸਾਬਤ ਹੋਈ। ਬੀਤੇ ਕੱਲ੍ਹ ਲੁਧਿਆਣਾ ਤੋਂ ਵਿਧਾਇਕ ਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਵੀ ਮ੍ਰਿਤਕਾਂ ਦੇ ਵਾਰਸਾਂ ਲਈ ਇੱਕ-ਇੱਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਰੇਲਵੇ ਵਿਭਾਗ ਵਿੱਚ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਸੀ।

ਜ਼ਿਕਰਯੋਗ ਹੈ ਕਿ ਹਾਦਸੇ ਤੋਂ ਬਾਅਦ ਹੀ ਲੋਕ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਕਾਫੀ ਗੁੱਸੇ ਵਿੱਚ ਹਨ। ਬੀਤੇ ਕੱਲ੍ਹ ਵੀ ਮੁੱਖ ਮੰਤਰੀ ਦੀ ਫੇਰੀ ਤੋਂ ਕੁਝ ਸਮਾਂ ਪਹਿਲਾਂ ਪੀੜਤ ਪਰਿਵਾਰਾਂ ਨੇ ਸਥਾਨਕ ਲੋਕਾਂ ਨਾਲ ਰਲ਼ ਕੇ ਹੰਗਾਮਾ ਕੀਤਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਹਲਕਾ ਲਾਠੀਚਾਰਜ ਵੀ ਕੀਤਾ।

ਬੀਤੀ 19 ਤਾਰੀਖ਼ ਨੂੰ ਸ਼ਹਿਰ ਦੇ ਜੌੜੇ ਫਾਟਕਾਂ ਕੋਲ ਦੇਰ ਸ਼ਾਮ ਸਵਾ ਕੁ ਸੱਤ ਵਜੇ ਰੇਲ ਲਾਈਨਾਂ 'ਤੇ ਖੜ੍ਹ ਕੇ ਦੁਸਹਿਰਾ ਦੇਖ ਰਹੇ ਲੋਕਾਂ ਉੱਪਰ ਜਲੰਧਰ ਤੋਂ ਆ ਰਹੀ ਡੀਐਮਯੂ ਰੇਲ ਗੱਡੀ ਚੜ੍ਹ ਗਈ ਸੀ। ਹਾਦਸੇ ਵਿੱਚ ਬੱਚਿਆਂ ਤੇ ਔਰਤਾਂ ਸਮੇਤ 59 ਜਾਨਾਂ ਚਲੀਆਂ ਗਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਮ੍ਰਿਤਕਾਂ ਦੇ ਪਰਿਵਾਰਾਂ ਲਈ ਪੰਜ-ਪੰਜ ਲੱਖ ਰੁਪਏ ਤੇ ਕੇਂਦਰ ਸਰਕਾਰ ਨੇ ਦੋ-ਦੋ ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੋਇਆ ਹੈ।