ਚੰਡੀਗੜ੍ਹ: ਬੇਅਦਬੀ ਅਤੇ ਗੋਲ਼ੀਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲੋਂ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੇ ਜਾਣ ਤੋਂ ਬਾਅਦ ਪੰਜਾਬ ਦੇ ਧਾਰਮਿਕ ਤੇ ਸਿਆਸੀ ਲੋਕਾਂ ਨੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਬਰਗਾੜੀ ਮੋਰਚੇ ਦੇ ਨਾਲ-ਨਾਲ ਕਾਂਗਰਸ ਅਤੇ ਅਕਾਲੀ ਲੀਡਰਾਂ ਨੇ ਵੀ ਐਸਆਈਟੀ ਦੀ ਪੁੱਛਗਿੱਛ 'ਤੇ ਆਪਣੀਆਂ ਟਿੱਪਣੀਆਂ ਦਿੱਤੀਆਂ ਹਨ।
ਇਹ ਵੀ ਪੜ੍ਹੋ: ਐਸਆਈਟੀ ਵੱਲੋਂ ਪੁੱਛਗਿੱਛ ਮਗਰੋਂ ਬਾਦਲ ਨੇ ਮੀਡੀਆ ਨੂੰ ਦੱਸੀ ਪੂਰੀ ਕਹਾਣੀ
ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਜਿਨ੍ਹਾਂ ਨੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਨਕਾਰਿਆ ਸੀ, ਉਹ ਹੁਣ ਐਸਆਈਟੀ ਸਨਮੁਖ ਪੇਸ਼ ਹੋ ਰਹੇ ਹਨ। ਉਨ੍ਹਾਂ ਅਕਾਲੀ ਦਲ ਵੱਲੋਂ ਐਸਆਈਟੀ 'ਤੇ ਵਿਸ਼ਵਾਸ ਨਾ ਹੋਣ ਦੀ ਸੂਰਤ ਵਿੱਚ ਆਪਣੀ ਪਾਰਟੀ ਨੂੰ ਪਹਿਲਕਦਮੀ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਅਕਾਲੀ ਦਲ ਨੂੰ ਆਪਣੀ ਐਸਆਈਟੀ ਬਣਾਉਣੀ ਚਾਹੀਦੀ ਹੈ, ਪਰ ਬੇਅਦਬੀ ਮਾਮਲਿਆਂ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ:SIT ਨੇ ਲਾਈ ਬਾਦਲ ਨੂੰ ਸਵਾਲਾਂ ਦੀ ਝੜੀ
ਉੱਧਰ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਵੱਲੋਂ ਐਸਆਈਟੀ ਉਤੇ ਬੇਭਰੋਸਗੀ ਹੋਣ ਬਾਰੇ ਕਿਹਾ ਕਿ ਅਕਾਲੀ ਜੋ ਮਰਜ਼ੀ ਕਹਿਣ ਪਰ ਐਸਆਈਟੀ ਆਪਣਾ ਕੰਮ ਕਰਦੀ ਰਹੇਗੀ। ਉਨ੍ਹਾਂ ਸਵਾਲ ਚੁੱਕਿਆ ਕਿ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਵਿਅਕਤੀ ਨੂੰ ਪੁਲਿਸ ਕੋਲ ਬਿਆਨ ਦਰਜ ਕਰਵਾਉਣ ਦੀ ਨੌਬਤ ਹੀ ਕਿਉਂ ਪਈ..?
ਇਹ ਵੀ ਪੜ੍ਹੋ: ਬਾਦਲਾਂ ਨੇ ਸੰਮਨ ਜਾਰੀ ਕਰਨ ਵਾਲੇ ਅਧਿਕਾਰੀ ਨੂੰ ਮੋੜਿਆ 'ਬੇਰੰਗ', ਨਾ ਕਰਨ ਦਿੱਤੀ ਪੁੱਛਗਿੱਛ
ਜਾਖੜ ਤੋਂ ਇਲਾਵਾ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਬਾਦਲ ਉੱਪਰ ਐਸਆਈਟੀ ਨਾਲ ਸਹੀ ਵਤੀਰਾ ਨਾ ਕਰਨ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪਹਿਲਾ ਰਣਜੀਤ ਕਮਿਸ਼ਨ ਦੀ ਰਿਪੋਰਟ ਨੂੰ ਖਾਰਿਜ ਕੀਤਾ ਸੀ ਹੁਣ ਉਸ ਰਿਪੋਰਟ ਨੂੰ ਸਹੀ ਦੱਸ ਰਹੇ ਹਨ। ਵੇਰਕਾ ਨੇ ਕਿਹਾ ਕਿ ਜਨਤਾ ਇਹ ਜਾਨਣਾ ਚਾਹੁੰਦੀ ਹੈ ਕਿ ਬਹਿਬਲ ਕਲਾਂ ਵਿੱਚ ਗੋਲ਼ੀ ਕਿਸ ਦੇ ਕਹਿਣ 'ਤੇ ਚੱਲੀ। ਵੇਰਕਾ ਨੇ ਕਿਹਾ ਦੋਸ਼ੀ ਚਾਹੇ ਕੋਈ ਵੀ ਹੋਵੇ ਉਹ ਹੁਣ ਜ਼ਿਆਦਾ ਦੇਰ ਤਕ ਕਾਨੂੰਨ ਤੋਂ ਬਚ ਨਹੀਂ ਸਕੇਗਾ। ਇਸ ਤੋਂ ਪਹਿਲਾਂ ਅੱਜ ਸਵੇਰੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਵੀ ਬਾਦਲਾਂ ਤੋਂ ਪੁੱਛਗਿੱਛ ਕੀਤੇ ਜਾਣ ਨੂੰ ਸਹੀ ਕਰਾਰ ਦਿੱਤਾ ਸੀ।