ਜ਼ਬਰਦਸਤ ਹੁੰਗਾਰੇ ਮਗਰੋਂ ਬਰਗਾੜੀ ਮੋਰਚਾ ਨਵੀਂ ਰਣਨੀਤੀ, ਸਰਬੱਤ ਖ਼ਾਲਸਾ ਬਲਾਉਣ ਦੀ ਤਿਆਰੀ
ਏਬੀਪੀ ਸਾਂਝਾ | 17 Oct 2018 01:23 PM (IST)
ਫ਼ਰੀਦਕੋਟ: ਬੀਤੀ ਸੱਤ ਅਕਤੂਬਰ ਦੇ ਰੋਸ ਮਾਰਚ ਤੇ 14 ਅਕਤੂਬਰ ਦੇ ਬਰਸੀ ਸਮਾਗਮਾਂ ਨੂੰ ਆਮ ਲੋਕਾਂ ਦੇ ਮਿਲੇ ਜ਼ਬਰਦਸਤ ਹੁੰਗਾਰੇ ਤੋਂ ਬਾਅਦ ਬਰਗਾੜੀ ਮੋਰਚੇ 'ਤੇ ਬੈਠੇ ਮੁਤਵਾਜ਼ੀ ਜਥੇਦਾਰ ਹੁਣ ਕੁਝ ਵੱਡਾ ਕਰਨ ਜਾ ਰਹੇ ਹਨ। ਸੂਤਰਾਂ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਸਰਬੱਤ ਖ਼ਾਲਸਾ ਵੀ ਬੁਲਾਇਆ ਜਾ ਸਕਦਾ ਹੈ। ਬਰਗਾੜੀ ਗੋਲ਼ੀਕਾਂਡ ਵਾਲੀ ਥਾਂ 'ਤੇ ਪੱਕੇ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਗਿਆ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਉਸੇ ਸਥਾਨ 'ਤੇ ਹਰ ਵੇਲੇ ਕੀਰਤਨ ਤੇ ਕਥਾ ਆਰੰਭ ਕਰਨ ਦੀ ਯੋਜਨਾ ਉਲੀਕੀ ਜਾ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਦੱਸਿਆ ਕਿ ਅਜਿਹਾ ਮੋਰਚੇ ਵਿੱਚ ਲਗਾਤਾਰ ਪਹੁੰਚ ਰਹੀ ਸੰਗਤ ਦੀ ਮੰਗ 'ਤੇ ਕੀਤਾ ਗਿਆ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਦੱਸਿਆ ਕਿ ਉਹ ਪੰਥਕ ਲੀਡਰਾਂ ਨਾਲ ਵਿਚਾਰ ਕਰਨ ਤੋਂ ਬਾਅਦ ਹੀ ਅੰਤਮ ਫੈਸਲਾ ਕਰਨਗੇ। ਸਰਬੱਤ ਖ਼ਾਲਸਾ ਸਮੁੱਚੇ ਸਿੱਖ ਭਾਈਚਾਰੇ ਦਾ ਇਕੱਠ ਹੁੰਦਾ ਹੈ। ਦਾਦੂਵਾਲ ਨੇ ਇਹ ਵੀ ਕਿਹਾ ਕਿ ਇਸ ਸਬੰਧੀ ਫੈਸਲਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਰੁਖ਼ 'ਤੇ ਵੀ ਨਿਰਭਰ ਕਰਦਾ ਹੈ।