ਚੰਡੀਗੜ੍ਹ: ਭਾਰਤ ਦੀ ਅੰਡਰ-19 ਟੀਮ ਦੇ ਸਟਾਰ ਖਿਡਾਰੀ ਸ਼ੁਭਮਨ ਗਿੱਲ ਅੱਜ ਫਾਈਨਲ ਵਿੱਚ ਆਸਟ੍ਰੇਲੀਆ ਵਿਰੁੱਧ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਸ਼ੁਭਮਨ 30 ਗੇਂਦਾਂ ਵਿੱਚ 31 ਦੌੜਾਂ ਬਣਾ ਕੇ ਆਊਟ ਹੋ ਗਏ। ਕੀ ਤੁਸੀਂ ਜਾਣਗੇ ਹੋ ਕਿ ਆਸਟ੍ਰੇਲੀਆ ਦੇ ਜਿਹੜੇ ਗੇਂਦਬਾਜ਼ ਨੇ ਸ਼ੁਭਮਨ ਨੂੰ ਆਊਟ ਕੀਤਾ, ਉਹ ਵੀ ਪੰਜਾਬੀ ਹੈ। ਜੀ ਹਾਂ, ਪਰਮ ਉੱਪਲ ਆਸਟ੍ਰੇਲੀਆ ਦਾ ਆਲਰਾਊਂਡਰ ਹੈ। ਆਓ ਤੁਹਾਨੂੰ ਦੱਸਦੇ ਹਾਂ, ਪਰਮ ਉੱਪਲ ਬਾਰੇ ਕੁਝ ਖਾਸ ਗੱਲਾਂ।
ਪਰਮ ਉੱਪਲ ਮੂਲ ਰੂਪ ਵਿੱਚ ਮੋਹਾਲੀ ਤੋਂ ਹੈ। ਉਸ ਦਾ ਪਿਤਾ ਦੇਵਿੰਦਰ ਉੱਪਲ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਵਿੱਚ ਵਕੀਲ ਸੀ। ਪਰਮ ਦੇ ਨਾਨਕਿਆਂ ਵਿੱਚੋਂ ਆਸਟ੍ਰੇਲੀਆ ਰਹਿੰਦੇ ਹਨ, ਸੋ ਇਸ ਲਈ ਉਹ ਵੀ ਉੱਥੇ ਹੀ ਚਲੇ ਗਏ।
ਦੇਵਿੰਦਰ ਮੁਤਾਬਕ ਉਹ ਆਸਟ੍ਰੇਲੀਆ ਦੇ ਸਿਡਨੀ ਵਿੱਚ ਰਹਿੰਦੇ ਹਨ। ਜਦੋਂ ਉਨ੍ਹਾਂ ਪਰਵਾਸ ਕੀਤਾ ਤਾਂ ਪਰਮ 6 ਕੁ ਸਾਲਾਂ ਦਾ ਸੀ। ਪਰਮ ਉੱਪਲ 10 ਕੁ ਸਾਲ ਦਾ ਸੀ ਜਦੋਂ ਆਸਟ੍ਰੇਲੀਆ ਦੀ ਜੂਨੀਅਰ ਕ੍ਰਿਕਟ ਕਲੱਬ ਵਿੱਚ ਦਾਖ਼ਲ ਹੋਇਆ ਸੀ। ਚੰਗੇ ਪ੍ਰਦਰਸ਼ਨ ਸਦਕਾ ਉਸ ਨੂੰ ਕੌਮਾਂਤਰੀ ਅੰਡਰ-19 ਟੀਮ ਵਿੱਚ ਸ਼ਾਮਲ ਕਰ ਲਿਆ ਗਿਆ। ਉਹ ਆਸਟ੍ਰੇਲੀਆ ਦੀ ਅੰਡਰ-19 ਟੀਮ ਵਿੱਚ ਵੀ ਸ਼ਾਮਲ ਰਹਿ ਚੁੱਕਿਆ ਹੈ।
ਪਰਮ ਉੱਪਲ ਨੇ ਅੰਡਰ-19 ਕ੍ਰਿਕੇਟ ਟੂਰਨਾਮੈਂਟ ਵਿੱਚ 60 ਦੀ ਔਸਤ ਨਾਲ 370 ਦੌੜਾਂ ਬਣਾਈਆਂ ਸੀ। ਇਸ ਦੇ ਨਾਲ ਇਸ ਲੜੀ ਵਿੱਚ ਉਸ ਨੇ 10 ਵਿਕਟਾਂ ਵੀ ਝਟਕਾਈਆਂ। ਉਦੋਂ ਤੋਂ ਹੀ ਉਹ ਆਸਟ੍ਰੇਲੀਆ ਜੂਨੀਅਰ ਕ੍ਰਿਕੇਟ ਦੀ ਸ਼ਾਨ ਬਣ ਗਿਆ। ਪਰਮ ਆਸਟ੍ਰੇਲੀਆ ਦੀ ਜੂਨੀਅਰ ਟੀਮ ਦਾ ਕਪਤਾਨ ਵੀ ਰਹਿ ਚੁੱਕਾ ਹੈ। ਉਸ ਨੇ ਬਤੌਰ ਕਪਤਾਨ ਸ੍ਰੀਲੰਕਾ ਵਿਰੁੱਧ ਤਿੰਨ ਮੈਚਾਂ ਦੀ ਸੀਰੀਜ਼ ਵੀ ਖੇਡੀ ਸੀ। ਉਸ ਲੜੀ ਵਿੱਚ ਉਸ ਨੇ 210 ਦੌੜਾਂ ਬਣਾਈਆਂ ਸੀ, ਜਿਸ ਵਿੱਚ ਇੱਕ ਸੈਂਕੜਾ ਵੀ ਸ਼ਾਮਲ ਹੈ।