ਅੰਮ੍ਰਿਤਸਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੁਝ ਲੋਕਾਂ ਨੇ ਨਿੱਜੀ ਥਾਣਾ ਬਣਾ ਰੱਖਿਆ ਹੈ। ਇਸ ਲਈ ਨਨਕਾਣਾ ਸਾਹਿਬ ਵਿੱਚ ਛੇਵੇਂ ਤਖ਼ਤ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਪਾਕਿਸਤਾਨ ਤੋਂ ਵਾਪਸ ਆਉਣ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਨਾ ਭਰਾਵਾਂ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਭਾਰਤ ਵਿੱਚ ਤਖਤਾਂ 'ਤੇ ਕੁਝ ਲੋਕਾਂ ਦਾ ਕਬਜ਼ਾ ਹੋਣ ਕਾਰਨ 6ਵੇਂ ਤਖ਼ਤ ਦੀ ਜ਼ਰੂਰਤ ਮਹਿਸੂਸ ਹੋਈ ਹੈ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੁਝ ਲੋਕਾਂ ਨੇ ਨਿੱਜੀ ਥਾਣਾ ਬਣਾ ਰੱਖਿਆ ਹੈ। ਇਸ ਕਰਕੇ ਵਿਦੇਸ਼ ਵਿੱਚ ਰਹਿੰਦੇ ਸਿੱਖ ਚਾਹੁੰਦੇ ਹਨ ਕਿ ਇਸ ਤਰ੍ਹਾਂ ਦਾ ਤਖ਼ਤ ਹੋਣਾ ਚਾਹੀਦਾ ਹੈ ਜਿੱਥੇ ਨਿਰਪੱਖ ਫੈਸਲੇ ਲਏ ਜਾ ਸਕਣ। ਉਨ੍ਹਾਂ ਕਿਹਾ ਕਿ 6ਵੇਂ ਤਖ਼ਤ ਦੀ ਮੰਗ ਮਰਿਆਦਾ ਦੇ ਉਲਟ ਨਹੀਂ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਨਵਜੋਤ ਸਿੱਧੂ ਤੇ ਇਮਰਾਨ ਖਾਨ ਦੀ ਦੋਸਤੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਹੈ ਕਿ ਇਮਰਾਨ ਖਾਨ ਤੇ ਨਵਜੋਤ ਸਿੱਧੂ ਦੀ ਦੋਸਤੀ ਨਾਲ ਹੀ ਕਰਤਾਰਪੁਰ ਲਾਂਘਾ ਖੁੱਲ੍ਹਿਆ ਹੈ। ਚਾਹੇ ਇਸ ਲਈ ਕੁਝ ਸਿਆਸੀ ਲੋਕ ਆਪਣੀਆਂ ਕੋਸ਼ਿਸ਼ਾਂ ਦਾ ਨਤੀਜਾ ਦੱਸ ਰਹੇ ਹਨ ਜੋ ਗਲਤ ਹੈ।