ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਉਠਾਏ ਡੋਪ ਸਿਆਸਤ 'ਤੇ ਸਵਾਲ
ਏਬੀਪੀ ਸਾਂਝਾ | 08 Jul 2018 02:00 PM (IST)
ਚੰਡੀਗੜ੍ਹ: ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਡੋਪ ਟੈਸਟ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿਹਾ ਹੈ ਕਿ ਉਹ ਡੋਪ ਟੈਸਟ ਨਹੀਂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਡੋਪ ਟੈਸਟ ਦੀ ਰੇਸ ਵਿੱਚੋਂ ਕੋਈ ਫਾਇਦਾ ਨਹੀਂ ਹੋਵੇਗਾ। ਇਹ ਸਿਰਫ ਸਿਆਸਤ ਹੀ ਹੈ। ਪਰਗਟ ਸਿੰਘ ਨੇ ਕਿਹਾ ਕਿ ਦੋ ਹਜ਼ਾਰ ਦੇ ਕੇ ਕਿਸੇ ਦਾ ਵੀ ਡੋਪ ਟੈਸਟ ਪਾਸ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨੈਗੇਟਿਵ ਰਿਪੋਰਟਾਂ ਦਿਖਾ ਕੇ ਕੋਈ ਮਸਲਾ ਹੱਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਡੋਪ ਟੈਸਟ ਕਰਾਉਣ ਲਈ ਕਿਹਾ ਸੀ ਪਰ ਉਨ੍ਹਾਂ ਮਨ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਲੀਡਰਾਂ ਦੇ ਡੋਪ ਟੈਸਟ ਕਰਵਾਉਣ ਦੇ ਮੁੱਦੇ ਨੂੰ ਸਭ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਭਾਰਿਆ ਸੀ। ਇਹ ਮੁੱਦਾ ਉਭਰਨ ਨਾਲ ਅਸਲ ਮੁੱਦੇ ਤੋਂ ਧਿਆਨ ਭਟਕ ਗਿਆ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦਾ ਡੋਪ ਟੈਸਟ ਅਚਾਨਕ ਹੀ ਕੀਤਾ ਜਾਂਦਾ ਹੈ, ਨਾ ਕਿ ਲੀਡਰਾਂ ਵਾਂਗ ਆਪ ਡੋਪ ਟੈਸਟ ਕਰਵਾਉਣ ਲਈ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ। ਪਰਗਟ ਸਿੰਘ ਨੇ ਕਿਹਾ ਕਿ ਅਸਲ ਮੁੱਦਾ ਤਾਂ ਨਸ਼ਿਆਂ ਦੇ ਮਾਮਲੇ ਵਿੱਚ ਪੁਲਿਸ ਤੇ ਰਾਜਸੀ ਲੀਡਰਾਂ ਦੇ ਗੱਠਜੋੜ ਨੂੰ ਬੇਨਕਾਬ ਕਰਨ ਦਾ ਹੈ। ਡੋਪ ਟੈਸਟ ਦੇ ਰੌਲੇ ਨਾਲ ਇਹ ਮੁੱਦਾ ਰੁਲਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਲੋਕਾਂ ਨਾਲ ਇਹ ਵਾਅਦਾ ਕਰਕੇ ਆਈ ਸੀ ਕਿ ਉਹ ਡਰੱਗ ਮਾਫੀਆ ਤੇ ਰਾਜਨੀਤਕ ਲੀਡਰਾਂ ਦੇ ਗੱਠਜੋੜ ਨੂੰ ਲੋਕਾਂ ਸਾਹਮਣੇ ਲਿਆਏਗੀ, ਪਰ ਡੋਪ ਟੈਸਟ ਕਰਾਉਣ ਲਈ ਹੁਣ ਰਾਜਨੀਤਕ ਲੀਡਰ ਇੱਕ-ਦੂਜੇ ਦੇ ਪੈਰ ਮਿੱਧ ਕੇ ਅੱਗੇ ਲੰਘ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਕ ਹਾਂ-ਪੱਖੀ ਏਜੰਡੇ ’ਤੇ ਕੰਮ ਕਰਨ ਦੀ ਲੋੜ ਹੈ, ਜਿਸ ਵਿੱਚ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਦਾ ਕੰਮ ਸਭ ਤੋਂ ਪਹਿਲਾਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਤੇ ਸਿੱਖਿਆ ਦੇਣ ਦੇ ਨਾਲ ਨਾਲ ਹੀ ਖੇਡਾਂ ਵੱਲ ਉਤਸ਼ਾਹਤ ਕਰਨ ਦੀ ਲੋੜ ਹੈ।