ਚੰਡੀਗੜ੍ਹ : ਆਵਾਜ਼-ਏ-ਪੰਜਾਬ ਵਿੱਚ ਸ਼ਾਮਲ ਹੋਏ ਸਾਬਕਾ ਹਾਕੀ ਖਿਡਾਰੀ ਤੇ ਪਾਰਟੀ ਵਿੱਚੋਂ ਮੁਅੱਤਲ ਵਿਧਾਇਕ ਪਰਗਟ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਦੀ ਮੁੱਢਲੀ ਮੈਂਬਰੀ ਤੋਂ ਸੋਮਵਾਰ ਨੂੰ ਅਸਤੀਫਾ ਦੇ ਦਿੱਤਾ ਹੈ। ਪਰਗਟ ਨੇ ਆਪਣਾ ਅਸਤੀਫਾ ਅਕਾਲੀ ਦਲ ਦੇ ਦਫਤਰੀ ਸਕੱਤਰ ਤਾਰਾ ਸਿੰਘ ਨੂੰ ਸੌਂਪਿਆ। ਇਸ ਦੌਰਾਨ ਬੈਂਸ ਭਰਾਵਾਂ ਨੂੰ ਸ਼ੁੱਕਰਵਾਰ ਸਦਨ ਵਿੱਚੋਂ ਬਾਹਰ ਕੱਢੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਸਪੀਕਰ ਦਾ ਹੁਕਮ ਗੈਰ ਸੰਵਧਾਨਿਕ ਸੀ।     ਪਰਗਟ ਤੇ ਬੈਂਸ ਭਰਾਵਾਂ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਸੋਮਵਾਰ ਜਾਂ ਮੰਗਲਵਾਰ ਨੂੰ ਬੀਜੇਪੀ ਤੋਂ ਅਸਤੀਫ਼ਾ ਦੇ ਸਕਦੀ ਹੈ। ਹਾਲਾਂਕਿ ਨਵਜੋਤ ਕੋਰ ਸਿੱਧੂ ਨੇ ਇਸ ਬਾਰੇ ਕਿਹਾ ਕਿ ਹਾਲੇ ਇਹ ਤੈਅ ਨਹੀਂ ਹੈ ਕਿ ਉਹ ਪਾਰਟੀ ਤੋਂ ਅਸਤੀਫਾ ਕਦੋਂ ਦੇਣਗੇ ਪਰ ਉਨ੍ਹਾਂ ਕਿਹਾ ਕਿ ਅਸਤੀਫ਼ਾ ਦੇਣ ਤੋਂ ਪਹਿਲਾਂ ਉਹ ਮੀਡੀਆ ਨੂੰ ਜਾਣਕਾਰੀ ਜ਼ਰੂਰ ਦੇਣਗੇ।         ਅਕਾਲੀ ਦਲ ਤੋਂ ਅਸਤੀਫਾ ਦੇਣ ਮਗਰੋਂ ਪਰਗਟ ਸਿੰਘ ਵਿਧਾਨ ਸਭਾ ਸਦਨ ਵਿੱਚ ਆਪਣੀ ਸੀਟ ਤੋਂ ਉੱਠ ਕੇ ਬੈਂਸ ਭਰਾਵਾਂ ਨਾਲ ਜਾ ਕੇ ਬੈਠ ਗਏ। ਜਦਕਿ ਨਵਜੋਤ ਕੌਰ ਸਿੱਧੂ ਆਪਣੀ ਪੁਰਾਣੀ ਸੀਟ 'ਤੇ ਹੀ ਬੈਠੀ ਰਹੀ।