ਚੰਡੀਗੜ੍ਹ: ਦੋ ਵਿਧਾਇਕਾਂ ਤੇ ਰਾਜ ਸਭਾ ਦੇ ਸੰਸਦ ਮੈਂਬਰ ਪ੍ਰਤਾਪ ਬਾਜਵਾ ਤੋਂ ਬਾਅਦ ਹੁਣ ਵਿਧਾਇਕ ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਾਰ ਸਫਿਆਂ ਦੀ ਚਿੱਠੀ ਲਿਖ ਖਰੀਆਂ-ਖੋਟੀਆਂ ਸੁਣਾਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਖਿਲਾਫ ਪਾਰਟੀ ਅੰਦਰ ਵਿਰੋਧ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿੱਚ ਵੀ ਕਾਂਗਰਸ ਖਿਲਾਫ ਅਜਿਹਾ ਵਿਰੋਧ ਹੋ ਰਿਹਾ ਹੈ।

ਪਰਗਟ ਸਿੰਘ ਨੇ ਭ੍ਰਿਸ਼ਟਾਚਾਰ ਦੇ ਵੱਡੇ ਕੇਸਾਂ ਦਾ ਹਵਾਲਾ ਦਿੰਦਿਆਂ ਕੈਪਟਨ ਨੂੰ ਪੁੱਛਿਆ ਹੈ ਕਿ ਕਰੋੜਾਂ ਰੁਪਏ ਦੇ ਘਪਲੇ 'ਚ ਪੁਰਾਣੇ ਅਧਿਕਾਰੀਆਂ ਤੇ ਨੇਤਾਵਾਂ ਖ਼ਿਲਾਫ਼ ਜਾਂਚ ਕਿਉਂ ਅੱਗੇ ਨਹੀਂ ਵਧ ਰਹੀ। ਉਨ੍ਹਾਂ ਨੂੰ ਕੌਣ ਬਚਾ ਰਿਹਾ ਹੈ?

ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਓਰੋ ਜਾਣਦੀ ਹੈ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਇੰਜਨੀਅਰਿੰਗ ਘੁਟਾਲੇ ਵਿੱਚ ਕਿੰਨੇ ਅਧਿਕਾਰੀਆਂ ਤੇ ਨੇਤਾਵਾਂ ਨੇ ਰਿਸ਼ਵਤ ਲਈ ਸੀ, ਪਰ ਅਜੇ ਤੱਕ ਕੋਈ ਚਾਰਜਸ਼ੀਟ ਦਾਇਰ ਨਹੀਂ ਕੀਤੀ ਗਈ ਤੇ ਨਾ ਹੀ ਅਜੇ ਤਕ ਸਾਰੇ ਮੁਲਜ਼ਮਾਂ ਨੂੰ ਜਾਂਚ ਦੇ ਦਾਅਰੇ 'ਚ ਲਿਆ ਗਿਆ ਹੈ।

ਪਰਗਟ ਸਿੰਘ ਨੇ ਕੈਪਟਨ ਨੂੰ ਲਿੱਖੀ ਇਹ 4 ਸਫਿਆਂ ਦੀ ਚਿੱਠੀ ਸੋਨੀਆ ਗਾਂਧੀ ਨੂੰ ਵੀ ਭੇਜੀ ਹੈ। ਪਰਗਟ ਨੇ ਕੈਪਟਨ ਨੂੰ ਪੁੱਛਿਆ ਹੈ ਕਿ ਉਹ ਉਨ੍ਹਾਂ ਮੁੱਦਿਆਂ 'ਤੇ ਕਾਰਵਾਈ ਕਿਉਂ ਨਹੀਂ ਕਰ ਰਹੇ, ਜਿਨ੍ਹਾਂ' ਮੁੱਦਿਆਂ ਤੇ ਲੋਕਾਂ ਨੇ ਤਿੰਨ ਸਾਲ ਪਹਿਲਾਂ ਕਾਂਗਰਸ ਨੂੰ ਵੋਟ ਦੇ ਕੇ ਸਾਡੀ ਸਰਕਾਰ ਬਣਾਈ ਸੀ?ਉਨ੍ਹਾਂ ਪੁਛਿਆ ਕਿ ਕਿਉਂ ਬਾਦਲ ਟ੍ਰਾਂਸਪੋਰਟ 'ਤੇ ਕੋਈ ਕਾਰਵਾਈ ਨਹੀਂ ਹੋਈ? ਕਿਉਂ ਸ਼ਰਾਬ ਦੇ ਕਾਰੋਬਾਰ ਵਿੱਚ ਅਜੇ ਵੀ ਪਿਛਲੀਆਂ ਸਰਕਾਰਾਂ ਵਾਂਗ ਹੀ ਚੱਲ ਰਹੀ ਹੈ?

ਪਰਗਟ ਸਿੰਘ ਨੇ ਕੈਪਟਨ ਤੋਂ ਇਹ ਸਵਾਲ ਵੀ ਕੀਤਾ ਕਿ, ਕਿਉਂ ਮਾਈਨਿੰਗ ਮਾਫੀਆ ਤੇ ਸ਼ਿਕੰਜਾ ਨਹੀਂ ਕੱਸਿਆ ਗਿਆ? ਬਰਗਾੜੀ ਬੇਅਦਬੀ ਦੇ ਮਾਮਲੇ ਵਿੱਚ ਲੋਕ ਕੈਪਟਨ ਸਰਕਾਰ ਦੇ ਇਰਾਦਿਆਂ ‘ਤੇ ਸ਼ੱਕ ਕਿਉਂ ਕਰਦੇ ਹਨ? ਹੁਣ ਸਮਾਂ ਇਹ ਸਾਬਤ ਕਰਨ ਦਾ ਹੈ ਕਿ ਰਾਜਸੀ ਲੀਡਰਸ਼ਿਪ ਪੰਜਾਬ ਸਰਕਾਰ ਚਲਾ ਰਹੀ ਹੈ ਨਾ ਕਿ ਅਫਸਰਸ਼ਾਹੀ।