ਬਠਿੰਡਾ: ਅਕਾਲੀ ਦਲ 'ਚੋਂ ਬਾਹਰ ਕੀਤੇ ਜਾਣ ਮਗਰੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਬਾਰੇ ਉਨ੍ਹਾਂ ਦੇ ਚਚੇਰੇ ਭਰਾ ਸੁਖਬੀਰ ਬਾਦਲ ਕਾਫੀ ਕੁੜੱਤਣ ਭਰੇ ਬੋਲ ਬੋਲਦੇ ਰਹਿੰਦੇ ਹਨ। ਅੱਜ ਉਨ੍ਹਾਂ ਦੇ ਸੁਭਾਅ ਵਿੱਚ ਕਾਫੀ ਹਲੀਮੀ ਨਜ਼ਰ ਆਈ ਤੇ ਉਨ੍ਹਾਂ ਮਨਪ੍ਰੀਤ ਬਾਦਲ ਦੇ ਸਿਆਸੀ ਹਮਲਿਆਂ 'ਤੇ ਪਲਟਵਾਰ ਵੀ ਨਾ ਕੀਤਾ।


ਬਠਿੰਡਾ ਵਿੱਚ ਯੂਥ ਕਾਂਗਰਸ ਦੇ ਲੀਡਰ ਬਲਵਿੰਦਰ ਭੋਲਾ ਤੇ ਸਾਬਕਾ ਐਮਸੀ ਡਾ. ਚਰਨਜੀਤ ਸਿੰਘ ਦੇ ਅਕਾਲੀ ਦਲ ਵਿੱਚ ਸ਼ਾਮਲ ਕਰਵਾਉਣ ਮੌਕੇ ਸੁਖਬੀਰ ਬਾਦਲ ਦਾ ਆਪਣੇ ਚਾਚੇ ਦੇ ਪੁੱਤ ਲਈ ਮੋਹ ਜਾਗਿਆ। ਸੁਖਬੀਰ ਬਾਦਲ ਨੇ ਮਨਪ੍ਰੀਤ ਬਾਦਲ ਵੱਲੋਂ ਉਨ੍ਹਾਂ ਦੇ ਪਿਤਾ 'ਤੇ ਲਾਏ ਇਲਜ਼ਾਮਾਂ ਨੂੰ ਹੱਸ ਕੇ ਟਾਲ ਦਿੱਤਾ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਮੇਰਾ ਛੋਟਾ ਭਰਾ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਸਾਨੂੰ ਪ੍ਰਕਾਸ਼ ਸਿੰਘ ਬਾਦਲ ਨੇ ਚੱਲਣਾ ਸਿਖਾਇਆ ਤੇ ਅਸੀਂ ਉਸ ਮੁਤਾਬਕ ਹੀ ਚੱਲਦੇ ਹਾਂ। ਸੁਖਬੀਰ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਵੀ ਮਨਪ੍ਰੀਤ ਪ੍ਰਤੀ ਸੁਹਿਰਦਤਾ ਵਿਖਾਈ। ਹਰਸਿਰਮਤ ਬਾਦਲ ਪਿੱਛੇ ਬਠਿੰਡਾ ਲੋਕ ਸਭਾ ਹਲਕੇ ਤੋਂ ਆਪਣੇ ਕਾਗ਼ਜ਼ ਭਰਨ ਪੁੱਜੇ ਬਾਦਲ ਨੇ ਕਿਹਾ ਕਿ ਮਨਪ੍ਰੀਤ ਵੀ ਮੇਰਾ ਹੀ ਬੱਚਾ ਹੈ ਤੇ ਬੱਚਿਆਂ ਦੇ ਕਹੇ ਦਾ ਕੋਈ ਗੁੱਸਾ ਨਹੀਂ।

ਦਰਅਸਲ, ਮਨਪ੍ਰੀਤ ਬਾਦਲ ਨੇ ਪਿਛਲੇ ਦਿਨੀਂ ਆਪਣੀ ਚੋਣ ਸਭਾ ਦੌਰਾਨ ਕਿਹਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਵੋਟਾਂ ਦੀ ਖਰੀਦੋ-ਫਰੋਖ਼ਤ ਕਰਨ ਦੇ ਮਾਮਲੇ 'ਚ ਭੀਸ਼ਮ ਪਿਤਾਮਾ ਹਨ। ਉਨ੍ਹਾਂ ਅਜਿਹਾ ਕਾਂਗਰਸ ਦੇ ਬਠਿੰਡਾ ਤੋਂ ਉਮੀਦਵਾਰ ਰਾਜਾ ਵੜਿੰਗ 'ਤੇ ਪੈਸੇ ਦੇ ਜ਼ੋਰ 'ਤੇ ਵੋਟਰਾਂ ਨੂੰ ਭਰਮਾਉਣ ਦੇ ਦੋਸ਼ ਲੱਗਣ ਦੇ ਬਚਾਅ ਵਿੱਚ ਕਿਹਾ ਸੀ।