ਸ੍ਰੀ ਮੁਕਤਸਰ ਸਾਹਿਬ: ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਬਾਰੇ ਸਹਿਮਤੀ ਜਤਾਉਣ ਦੀਆਂ ਖ਼ਬਰਾਂ ਮੁੜ ਉੱਠਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮਾਮਲੇ ਵਿੱਚ ਪਹਿਲਕਦਮੀ ਦਾ ਸਿਹਰਾ ਆਪਣੀ ਸਰਕਾਰ ਸਿਰ ਹੀ ਬੱਧਾ ਹੈ। ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਬਹੁਤ ਦੇਰ ਪਹਿਲਾਂ ਇਹ ਆਵਾਜ਼ ਉਠਾਈ ਸੀ ਕਿ ਜਲਦ ਤੋਂ ਜਲਦ ਕਰਤਾਰਪੁਰ ਲਾਂਘਾ ਖੁੱਲ੍ਹ ਜਾਵੇ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਦੌਰਾਨ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਭਾਸ਼ਣ ਸੁਣੇ ਬਿਨਾ ਹੀ ਉੱਥੋਂ ਆ ਗਈ ਸੀ। ਇੰਨਾ ਹੀ ਨਹੀਂ ਦੋਵਾਂ ਮੰਤਰੀਆਂ ਦਰਮਿਆਨ ਕੋਈ ਦੁਆ-ਸਲਾਮ ਵੀ ਨਹੀਂ ਹੋਈ। ਇਸ ਦੌਰ ਵਿੱਚ ਵੀ ਬਾਦਲ ਪੱਤਰਕਾਰਾਂ ਰਾਹੀਂ ਮੋਦੀ ਸਰਕਾਰ ਨੂੰ ਅਪੀਲ ਕਰ ਰਹੇ ਹਨ।
ਬਾਦਲ ਨੇ ਕਿਹਾ ਕਿ ਉਨ੍ਹਾਂ ਪਿਛਲੀ ਕੇਂਦਰ ਦੀ ਸਰਕਾਰ ਦੌਰਾਨ ਰਾਸ਼ਟਰਪਤੀ ਤੇ ਵਿੱਤ ਮੰਤਰੀ ਨੂੰ ਵੀ ਡੇਰਾ ਬਾਬਾ ਨਾਨਕ ਦਾ ਉਹ ਸਥਾਨ ਦਿਖਾਇਆ ਸੀ ਜਿੱਥੋਂ ਸੰਗਤ ਦੂਰਬੀਨ ਨਾਲ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਛੋਟਾ ਕੰਮ ਨਹੀਂ ਸਗੋਂ ਬਹੁਤ ਹੀ ਵੱਡਾ ਤੇ ਪਵਿੱਤਰ ਕੰਮ ਹੈ, ਇਸ ਲਈ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਜਲਦੀ ਕੰਮ ਕਰਨ।
ਇਸ ਤੋਂ ਬਾਅਦ ਬਾਦਲ ਨੇ ਕੈਪਟਨ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਅਕਾਲੀ ਸਰਕਾਰ ਸਮੇਂ ਹੋਏ ਪੰਜ ਸੌ ਕਰੋੜ ਦੇ ਕਥਿਤ ਘਪਲੇ ਬਾਰੇ ਬੋਲਦੇ ਕਿਹਾ ਕਿ ਜਿਸ ਬੰਦੇ ਨੇ ਵੀ ਘਪਲੇ ਕੀਤੇ ਹਨ, ਸਭ ਦੀ ਜਾਂਚ ਹੋਵੇ ਤੇ ਉਨ੍ਹਾਂ ਨੂੰ ਫੜਿਆ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਬੇਈਮਾਨ ਬੰਦੇ ਦੇ ਹੱਕ ਵਿੱਚ ਨਹੀਂ। ਉਨ੍ਹਾਂ ਉਲਟਾ ਸਵਾਲ ਕੀਤਾ ਕਿ ਉਹ ਪਹਿਲਾਂ ਇਹ ਦੱਸਣ ਕਿ ਪਿਛਲੇ ਦਿਨੀਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਧੱਕਾ ਕਿਸ ਨੇ ਕੀਤਾ ਸੀ।
ਬਾਦਲ ਨੇ ਕੈਪਟਨ ਸਰਕਾਰ ਬਣਨ ਤੋਂ ਬਾਅਦ ਲੰਬੀ ਹਲਕੇ ਵਿੱਚ ਨਾ ਆਉਣ ਤੇ ਕੁਦਰਤੀ ਆਫ਼ਤ ਕਾਰਨ ਫ਼ਸਲਾਂ ਬਰਬਾਦ ਹੋਣ 'ਤੇ ਮੁੱਖ ਮੰਤਰੀ ਦੇ ਹਵਾਈ ਦੌਰੇ ਦੀ ਵੀ ਨੁਕਤਾਚੀਨੀ ਕੀਤੀ। ਬਾਦਲ ਨੇ ਕਾਂਗਰਸ ਸਰਕਾਰ 'ਤੇ ਚੋਟ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਹੀ ਆਪਣੇ ਹਲਕੇ ਤੇ ਲੋਕਾਂ ਵਿੱਚ ਵਿਚਰਦੇ ਹਨ ਤੇ ਉਹ ਹਮੇਸ਼ਾ ਮੌਜ ਮਸਤੀ ਹੀ ਕਰਦੇ ਰਹਿੰਦੇ ਹਨ।
ਉਨ੍ਹਾਂ ਪਿਛਲੇ ਸਮੇਂ ਸੁਨੀਲ ਜਾਖੜ ਦੇ ਲਾਏ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਤਾਂ ਹਰਿਮੰਦਰ ਸਾਹਿਬ ਉੱਪਰ ਹਮਲਾ ਹਮਲਾ ਕੀਤਾ, 1984 ਦੇ ਸਿੱਖ ਕਤਲੇਆਮ ਕਰਵਾਏ, ਐਮਰਜੈਂਸੀ ਲਾਈ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਵੀ ਹਰਿਆਣਾ ਨੂੰ ਦੇ ਦਿੱਤੇ। ਪੰਜਾਬ ਦੇ ਦੁਸ਼ਮਣ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਮਗਰੋਂ ਦੂਜੇ ਸਿਰ ਇਲਜ਼ਾਮ ਲਾਉਣ।