ਚੰਡੀਗੜ੍ਹ: "ਮੋਟਰਾਂ ਦੇ ਬਿਜਲੀ ਬਿੱਲਾਂ ਬਾਰੇ ਪਿਛਲੇ 10 ਸਾਲ ਝੂਠ ਬੋਲ ਕੇ ਰਾਜ ਕਰਨ ਵਾਲੇ ਅਕਾਲੀ ਦਲ-ਭਾਜਪਾ ਗਠਜੋੜ ਦੇ ਆਗੂਆਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੁਣ ਮੁੜ ਤੋਂ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ ਹੈ।" ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੇ ਇਹ ਗੱਲ ਕਹੀ ਹੈ।
ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਦਿਨੋ-ਦਿਨ ਡੂੰਘੇ ਹੁੰਦੇ ਜਾ ਰਹੇ ਪੰਜਾਬ ਦੀ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕੌਮੀ ਗਰੀਨ ਟ੍ਰਿਬਿਊਨਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੋਟਰਾਂ ਦੇ ਪਾਣੀ ਨੂੰ ਮੋਨੀਟਰ ਕਰਨ ਲਈ ਇਹ ਮੀਟਰ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ 'ਚ ਨੀਂਹ ਪੱਥਰ ਨਹੀਂ ਰੱਖੇ ਜਾਂਦੇ ਬਲਕਿ ਕੰਮ ਕਰਕੇ ਲੋਕਾਂ 'ਚ ਜਾਇਆ ਜਾਂਦਾ ਹੈ ਜਦੋਂਕਿ 10 ਸਾਲ ਨੀਂਹ ਪੱਥਰ ਰੱਖਣ ਵਾਲਿਆਂ ਨੇ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਅਣਗੌਲੇ ਪੰਜਾਬ 'ਚ ਕਾਂਗਰਸ ਸਰਕਾਰ ਵੱਲੋਂ ਕੰਮ ਹੋ ਰਿਹਾ ਹੈ ਤੇ ਜਲਦੀ ਹੀ ਪੰਜਾਬ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹੇਗਾ। ਉਨ੍ਹਾਂ ਕਿਹਾ ਕਿ ਜੌੜੀਆਂ ਸੜਕਾਂ ਦਾ ਕੰਮ ਸਰਦੀ ਦੇ ਮੌਸਮ ਕਰਕੇ ਪਹਿਲੀ ਮਾਰਚ ਤੋਂ ਸ਼ੁਰੂ ਹੋ ਜਾਵੇਗਾ, ਰਾਜਪੁਰਾ-ਸਰਹਿੰਦ ਰੋਡ ਬਾਈਪਾਸ ਦਾ ਵੀ ਪੌਣੇ ਚਾਰ ਕਰੋੜ ਰੁਪਏ ਦਾ ਕੰਮ ਸ਼ੁਰੂ ਹੋ ਰਿਹਾ ਹੈ ਤੇ ਫੋਕਲ ਪੁਆਇੰਟ ਪਟਿਆਲਾ ਦਾ ਕੰਮ ਵੀ 5 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਹੋ ਚੁੱਕਾ ਹੈ।