ਪਟਿਆਲਾ: ਬਲਾਕ ਨਾਭਾ ਦੇ ਪਿੰਡ ਜਿੰਦਲਪੁਰ ਦੇ ਰਹਿਣ ਵਾਲੇ ਦੋ ਦੋਸਤ ਪਿੰਡ ਤੋਂ ਕੁਝ ਦੂਰੀ 'ਤੇ ਜਾ ਰਹੇ ਸੀ ਕਿ ਰਾਹ ਵਿੱਚ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਨ੍ਹਾਂ ਵਿੱਚੋਂ ਨਰੇਸ਼ ਕੁਮਾਰ ਸ਼ਰਮਾ (45) ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਦੋਸਤ ਜਸਵੰਤ ਸਿੰਘ (32) ਨੇ ਪਟਿਆਲਾ ਹਸਪਤਾਲ ਜਾਂਦਿਆਂ ਹੋਇਆਂ ਦਮ ਤੋੜ ਦਿੱਤਾ। ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੋਵੇਂ ਜਣੇ ਵਿਆਹੇ ਹੋਏ ਸਨ। ਇੱਕ ਦੀ ਲੜਕੀ ਤੇ ਇੱਕ ਲੜਕਾ ਸੀ, ਜੋ ਹੁਣ ਬੇਸਹਾਰਾ ਹੋ ਗਏ ਹਨ। ਦੋਵੇਂ ਜਣੇ ਆਪਣੇ ਪਿੱਛੇ ਬੱਚੇ ਤੇ ਉਨ੍ਹਾਂ ਦੀਆ ਪਤਨੀਆਂ ਛੱਡ ਗਏ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰ ਨਾਜਰ ਸਿੰਘ ਨੇ ਕਿਹਾ ਕਿ ਹਾਦਸਾ ਬਹੁਤ ਹੀ ਭਿਆਨਕ ਸੀ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ।
ਹਾਦਸੇ ਦੌਰਾਨ ਮੌਕੇ 'ਤੇ ਮੌਜੂਦ ਚਸ਼ਮਦੀਦ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਖੇਤਾਂ ਵਿੱਚ ਕੰਮ ਕਰ ਰਹੇ ਸੀ। ਜਦੋਂ ਹਾਦਸਾ ਹੋਇਆ ਤਾਂ ਨਰੇਸ਼ ਸ਼ਰਮਾ ਦੀ ਮੌਕੇ 'ਤੇ ਮੌਤ ਹੋ ਚੁੱਕੀ ਸੀ ਤੇ ਜਸਵੰਤ ਦੀ ਹਾਲਤ ਬਹੁਤ ਖ਼ਰਾਬ ਸੀ। ਟਰੱਕ ਚਾਲਕ ਤੇ ਉਸ ਦੇ ਨਾਲ ਦੋ ਹੋਰ ਵਿਅਕਤੀ ਸੀ ਜੋ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ।