ਪਟਿਆਲਾ: ਪਿਛਲੇ ਦਿਨੀਂ ਪਟਿਆਲਾ ਵਿੱਚ ਇੱਕ ਸਾਨ੍ਹ ਨੇ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਹ ਮਾਮਲਾ ਹੁਣ ਜ਼ਿਲ੍ਹਾ ਅਦਾਲਤ ਤਕ ਪਹੁੰਚ ਗਿਆ ਹੈ। ਇਸ ਬਾਰੇ ਜ਼ਿਲ੍ਹਾ ਸੈਸ਼ਨ ਅਦਾਲਤ ਨੇ ਸ਼ਹਿਰ ਦੇ ਮੇਅਰ ਤੇ ਕਮਿਸ਼ਨਰ ਨੂੰ ਸੰਮਨ ਜਾਰੀ ਕਰਕੇ 31 ਅਕਤੂਬਰ ਤਕ ਜਵਾਬ ਮੰਗਿਆ ਹੈ।
ਪਟੀਸ਼ਨਕਰਤਾ ਵਕੀਲ ਨੇ ਇਸ ਮਾਮਲੇ 'ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਅਸੀਂ ਕਾਓ ਸੈਸ ਭਰਦੇ ਹਾਂ ਤਾਂ ਨਗਰ ਨਿਗਮ ਵੱਲੋਂ ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਕਿਉਂ ਨਹੀਂ ਹਟਾਇਆ ਗਿਆ। ਜਿਸ ਸ਼ਖ਼ਸ ਦੀ ਅਵਾਰਾ ਪਸ਼ੂ ਕਰਕੇ ਮੌਤ ਹੋਈ ਹੈ, ਵਕੀਲ ਨੇ ਉਸ ਦੀ ਪਤਨੀ ਨੂੰ ਪਟਿਆਲਾ ਨਗਰ ਨਿਗਮ ਵੱਲੋਂ 60 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਇਸ 'ਤੇ ਅਦਾਲਤ ਵਿੱਚ ਇੱਕ ਪੱਤਰ ਦਾਖ਼ਲ ਕੀਤਾ ਗਿਆ ਹੈ। ਪੀੜਤ ਪਰਿਵਾਰ ਵੱਲੋਂ ਪਟਿਆਲਾ ਨਗਰ ਨਿਗਮ ਖ਼ਿਲਾਫ਼ ਇਹ ਪੱਤਰ ਪਾਇਆ ਗਿਆ ਹੈ। ਇਸ ਕੇਸ ਦੀ ਅਗਲੀ ਸੁਣਵਾਈ 31 ਅਕਤੂਬਰ ਨੂੰ ਹੋਏਗੀ।