ਪਟਿਆਲਾ: ਭਾਬੀ ਦੀ ਫੋਟੋ ਖਿੱਚ ਰਹੇ ਦਿਓਰ ਨੂੰ ਜਦੋਂ ਸਹੁਰੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦਿਓਰ ਨੇ ਘੋਟਣਾ ਮਾਰ ਕੇ ਸਹੁਰੇ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਬਲਜੀਤ ਸਿੰਘ ਵਾਸੀ ਰਾਜਗੜ੍ਹ ਵਜੋਂ ਹੋਈ ਹੈ। ਮੁਲਜ਼ਮ ਦਿਓਰ ਫਰਾਰ ਚੱਲ ਰਿਹਾ ਹੈ।

ਦਰਅਸਲ ਭਾਬੀ ਖਾਣਾ ਬਣਾ ਰਹੀ ਸੀ। ਇਸੇ ਦੌਰਾਨ ਨਜ਼ਦੀਕ ਵਿੱਚ ਰਹਿਣ ਵਾਲਾ ਉਸ ਦਾ ਮਮੇਰਾ ਦਿਓਰ ਗੁਰਪ੍ਰੀਤ ਸਿੰਘ ਲੁਕ ਕੇ ਉਸ ਦੀ ਫੋਟੋ ਖਿੱਚ ਰਿਹਾ ਸੀ। ਉਸ ਨੂੰ ਅਜਿਹਾ ਕਰਦਿਆਂ ਵੇਖ ਭਾਬੀ ਨੇ ਆਪਣੇ ਸਹੁਰੇ ਨੂੰ ਦੱਸਿਆ। ਸਹੁਰੇ ਬਲਜੀਤ ਸਿੰਘ ਨੇ ਆਪਣੇ ਭਾਂਜੇ ਨੂੰ ਰੋਕਿਆ ਤਾਂ ਪਹਿਲਾਂ ਉਸ ਨੇ ਆਪਣੇ ਫੁੱਫੜ ਨਾਲ ਝਗੜਾ ਕੀਤਾ। ਇਸੇ ਦੌਰਾਨ ਗੁਰਪ੍ਰੀਤ ਦਾ ਭਰਾ ਵਰਿੰਦਰ ਵੀ ਉੱਥੇ ਪਹੁੰਚ ਗਿਆ।

ਦੋਵਾਂ ਭਰਾਵਾਂ ਤੇ ਬਲਜੀਤ ਸਿੰਘ ਦੀ ਕਾਫੀ ਦੇਰ ਬਹਿਸ ਹੋਈ। ਫਿਰ ਜਦੋਂ ਫੁੱਫੜ ਉਸ ਦੀ ਸ਼ਿਕਾਇਤ ਕਰਨ ਲਈ ਥਾਣੇ ਜਾਣ ਲੱਗਾ ਤਾਂ ਮੁਲਜ਼ਮ ਦਿਓਰ ਨੇ ਪਿੱਛੋਂ ਦੀ ਫੁੱਫੜ ਦੇ ਸਿਰ ਵਿੱਚ ਘੋਟਣੇ ਨਾਲ ਇਸ ਤਰ੍ਹਾਂ ਵਾਰ ਕੀਤਾ ਕਿ ਬਲਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ ਜਿੱਥੋਂ ਡਾਕਟਰਾਂ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਥਾਣਾ ਪਸਿਆਣਾ ਪੁਲਿਸ ਨੇ ਫੁੱਫੜ ਦੇ ਪੁੱਤਰ ਅਮਨਦੀਪ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਸਕੇ ਭਰਾਵਾਂ ’ਤੇ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਵੇਂ ਭਰਾ ਫਰਾਰ ਹਨ। ਦੱਸਿਆ ਜਾਂਦਾ ਹੈ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਤੰਤਰ ਵਿੱਦਿਆ ਵਿੱਚ ਵਿਸ਼ਵਾਸ ਰੱਖਦਾ ਸੀ ਤੇ ਉਸ ਸਬੰਧੀ ਕੰਮ ਵੀ ਕਰਦਾ ਸੀ। ਇਸੇ ਕਰਕੇ ਉਸ ਦੇ ਪਿਤਾ ਵੀ ਉਸ ਨਾਲ ਨਾਰਾਜ਼ ਹੋ ਕੇ ਵੱਖਰੇ ਰਹਿੰਦੇ ਹਨ।