ਪਟਿਆਲਾ: ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਬੱਸ ਪਟਿਆਲਾ ਦੇ ਹਲਕਾ ਘਨੌਰ ਦੇ ਪਿੰਡ ਲਾਛੜੂ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਈ ਸੀ। ਹਾਦਸਾ ਫਤਹਿਗੜ੍ਹ ਸਾਹਿਬ ਦੇ ਪਿੰਡ ਸਾਧੂਗੜ ਨੇੜੇ ਵਾਪਰਿਆ ਹੈ। ਇਸ ਹਾਦਸੇ ਦੇ ਚੱਲਦੇ 18 ਯਾਤਰੀ ਗੰਭੀਰ ਜ਼ਖ਼ਮੀ ਹੋਏ ਹਨ। ਬੱਸ 'ਚ ਕੁੱਲ 60 ਯਾਤਰੀ ਸਵਾਰ ਸਨ।


 

ਜਾਣਕਾਰੀ ਮੁਤਾਬਕ ਲਾਛੜੂ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਈ ਇਹ ਬੱਸ ਫਤਹਿਗੜ੍ਹ ਜ਼ਿਲ੍ਹੇ 'ਚ ਜੀਟੀ ਰੋਡ 'ਤੇ ਪਿੰਡ ਸਾਧੂਗੜ੍ਹ ਨੇੜੇ ਪਹੁੰਚੀ ਤਾਂ ਹਾਦਸਾ ਵਾਪਰ ਗਿਆ। ਬੱਸ ਬੇਕਾਬੂ ਹੋ ਕੇ ਓਵਰਬ੍ਰਿਜ 'ਤੇ ਪਲਟ ਗਈ। ਹਾਦਸਾ ਕਾਫੀ ਭਿਆਨਕ ਸੀ ਜਿਸ ਦੇ ਚੱਲਦੇ ਅੰਦਰ ਸਵਾਰ 60 ਯਾਤਰੀਆਂ 'ਚੋਂ 18 ਗੰਭੀਰ ਜ਼ਖ਼ਮੀ ਹੋ ਗਏ। ਜਦਕਿ ਬਾਕੀ ਯਾਤਰੀਆਂ ਨੂੰ ਵੀ ਮਮੂਲੀ ਸੱਟਾਂ ਲੱਗੀਆਂ ਹਨ। ਘਟਨਾ ਤੋਂ ਤੁਰੰਤ ਬਾਅਦ ਬਚਾਅ ਕਾਰਜ ਚਲਾਏ ਗਏ। ਜ਼ਖ਼ਮੀਆਂ ਨੇੜੇ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਇੱਥੋਂ ਡਾਕਟਰਾਂ ਨੇ ਦੋ ਯਾਤਰੀਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਟਿਆਲਾ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ।

 

 

ਬੱਸ ਦੇ ਡਰਾਈਵਰ ਲਖਵਿੰਦਰ ਸਿੰਘ ਮੁਤਾਬਕ ਹਾਦਸਾ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਡਰਾਈਵਰ ਦੀ ਗਲਤੀ ਕਾਰਨ ਵਾਪਰਿਆ। ਇਹ ਟਰੱਕ ਅਚਾਨਕ ਹੀ ਬੱਸ ਦੇ ਸਾਹਮਣੇ ਵੱਲ ਆ ਗਿਆ ਸੀ ਪਰ ਜਦ ਬੱਸ ਨੂੰ ਬਚਾਉਣ ਲਈ ਬ੍ਰੇਕ ਲਾਈ ਤਾਂ ਇਹ ਸੰਤੁਲਨ ਵਿਗੜਨ ਕਾਰਨ ਪਲਟ ਗਈ।