ਪਟਿਆਲਾ : ਪਟਿਆਲਾ ਪੁਲਿਸ ਨੇ ਸ਼ਹਿਰ ਵਿਚੋਂ 19 ਅਕਤੂਬਰ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਲਾਪਤਾ ਹੋਏ ਪੰਜ ਬੱਚਿਆਂ ਨੂੰ ਪੱਛਮੀ ਬੰਗਾਲ ਵਿਚੋਂ ਬਰਾਮਦ ਕਰ ਲਿਆ ਹੈ। ਪਟਿਆਲਾ ਪੁਲਿਸ ਅਨੁਸਾਰ ਗ਼ਾਇਬ ਹੋਏ ਬੱਚਿਆਂ ਵਿਚੋਂ ਇੱਕ ਦੀ ਮਾਸੀ ਇਹਨਾਂ ਸਾਰਿਆਂ ਨੂੰ ਗੱਲਾਂ ਵਿੱਚ ਲਾ ਕੇ ਪੱਛਮੀ ਬੰਗਾਲ ਲੈ ਕੇ ਗਈ ਸੀ।

ਪਤਾ ਲੱਗਣ ਉੱਤੇ ਪੰਜਾਬ ਪੁਲਿਸ ਦੀ ਇੱਕ ਟੀਮ ਪੱਛਮੀ ਬੰਗਾਲ ਗਈ ਅਤੇ ਬੱਚਿਆਂ ਨੂੰ ਬਰਾਮਦ ਕੀਤਾ। ਪੁਲਿਸ ਨੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ। ਪਟਿਆਲਾ ਦੇ ਐਸ ਪੀ ਸਤਵੀਰ ਸਿੰਘ ਅਟਵਾਲ ਨੇ ਦੱਸਿਆ ਕਿ ਬੱਚਿਆਂ ਨੂੰ ਲੈ ਕੇ ਗਈ ਮਹਿਲਾ ਦੀ ਭਾਲ ਕੀਤੀ ਜਾ ਰਹੀ ਹੈ। ਕੁੱਝ ਦਿਨ ਪਹਿਲਾਂ ਹੀ ਪਟਿਆਲਾ ਪੁਲਿਸ ਨੇ ਸ਼ਹਿਰ ਵਿਚੋਂ ਅਗਵਾ ਹੋਏ ਹਰ ਤੇਜਬੀਰ ਸਿੰਘ ਨੂੰ 48 ਘੰਟਿਆਂ ਵਿੱਚ ਬਰਾਮਦ ਕੀਤਾ ਸੀ।