ਅੰਮ੍ਰਿਤਸਰ: ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਬਾਰੇ ਨੋਟੀਫਿਕੇਸ਼ਨ ਜਾਰੀ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2011 'ਚ ਚੁਣੇ ਗਏ ਜਨਰਲ ਹਾਊਸ ਦਾ ਪਲੇਠਾ ਜਨਰਲ ਇਜਲਾਸ ਆਉਂਦੇ 5 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬੁਲਾਇਆ ਗਿਆ ਹੈ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਦੱਸਿਆ ਕਿ ਇਸ ਇਜਲਾਸ ਵਿੱਚ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਸਤੰਬਰ 2011 ਵਿੱਚ ਸ਼੍ਰੋਮਣੀ ਕਮੇਟੀ ਦੀ ਹੋਈ ਚੋਣ ਦੇ ਅਧਾਰ 'ਤੇ ਨਵੇਂ ਜਨਰਲ ਹਾਊਸ ਦੇ ਗਠਨ ਸਬੰਧੀ 17 ਦਸੰਬਰ 2011 ਨੂੰ ਨੋਟੀਫੇਕਸ਼ਨ ਜਾਰੀ ਹੋਇਆ ਸੀ। 20 ਦਸੰਬਰ 2011 ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੁੱਲ ਬੈਂਚ ਵੱਲੋਂ ਸਹਿਜਧਾਰੀ ਵੋਟ ਖਤਮ ਕੀਤੇ ਜਾਣ ਸਬੰਧੀ ਪੰਜਾਬ ਸਰਕਾਰ ਦੇ ਨੋਟੀਫਕੇਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ।

ਇਸ ਕਾਰਨ 18 ਸੰਤਬਰ 2011 ਨੂੰ ਸ਼੍ਰੋਮਣੀ ਕਮੇਟੀ ਦਾ ਚੁਣਿਆ ਗਿਆ ਨਵਾਂ ਜਨਰਲ ਹਾਊਸ ਗੈਰ ਵਿਧਾਨਿਕ ਹੋ ਗਿਆ ਸੀ, ਕਿਉਂਕਿ ਇਸ ਹਾਊਸ ਦੀ ਚੋਣ ਵਿਚ ਸਹਿਜਧਾਰੀ ਸਿੱਖਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਗਿਆ ਸੀ। ਸ਼੍ਰੋਮਣੀ ਮੈਂਬਰਾਂ ਨੂੰ ਇਜਲਾਸ ਸਬੰਧੀ ਦਸਤੀ ਸੱਦਾ ਪੱਤਰ ਭੇਜ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਹਾਊਸ ਦੇ 185 ਮੈਂਬਰੀ ਹਾਊਸ 'ਚੋਂ 175 ਮੈਂਬਰ ਵੋਟਾਂ ਰਾਹੀਂ ਚੁਣੇ ਜਾਂਦੇ ਹਨ ਤੇ 15 ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਪੰਜ ਸਿੰਘ ਸਾਹਿਬਾਨ ਵੀ ਹਾਊਸ ਦੇ ਮੈਂਬਰ ਹੁੰਦੇ ਹਨ ਪਰ ਉਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੁੰਦਾ।

ਦੱਸਣਯੋਗ ਹੈ ਕਿ ਕਾਨੂੰਨ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਨਵੇਂ ਹਾਊਸ ਦੇ ਪਹਿਲੇ ਇਜਲਾਸ ਦੀ ਰਸਮੀ ਅਗਵਾਈ ਅੰਮ੍ਰਿਤਸਰ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਜਾਂਦੀ ਹੈ ਜੋ ਹੁਣ ਤੱਕ ਸਿੱਖ ਡਿਪਟੀ ਕਮਿਸ਼ਨਰ ਹੀ ਕਰਦੇ ਆਏ ਹਨ ਪਰ ਇਸ ਸਮੇਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਗੈਰ ਸਿੱਖ ਹੋਣ ਕਾਰਨ ਸਰਕਾਰ ਵੱਲੋਂ ਉਨ੍ਹਾਂ ਨੂੰ ਕੁਝ ਦਿਨਾਂ ਲਈ ਛੁੱਟੀ 'ਤੇ ਭੇਜ ਕੇ ਕਿਸੇ ਗੁਆਂਢੀ ਜ਼ਿਲ੍ਹੇ ਦੇ ਸਿੱਖ ਡਿਪਟੀ ਕਮਿਸ਼ਨਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦਾ ਐਡੀਸ਼ਨਲ ਚਾਰਜ ਦੇ ਕੇ ਇਹ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।

ਡਿਪਟੀ ਕਮਿਸ਼ਨਰ ਵੱਲੋਂ ਰਸਮੀਂ ਤੌਰ 'ਤੇ ਹਾਊਸ ਦੇ ਚੇਅਰਮੈਨ ਦੀ ਚੋਣ ਕੀਤੇ ਜਾਣ ਉਪਰੰਤ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਤੋਂ ਇਲਾਵਾ 1 ਸੀਨੀਅਰ ਮੀਤ ਪ੍ਰਧਾਨ, 2 ਮੀਤ ਪ੍ਰਧਾਨਾਂ, ਇਕ ਜਨਰਲ ਸਕੱਤਰ ਤੇ 11 ਅੰਤ੍ਰਿਗ ਕੇਮਟੀ ਮੈਂਬਰਾਂ ਦੀ ਬਕਾਇਦਾ ਚੋਣ ਕੀਤੀ ਜਾਵੇਗੀ।