ਅੰਮ੍ਰਿਤਸਰ: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਅੱਜ ਤਖ਼ਤ ਦੇ ਬੋਰਡ ਦੇ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਜਥੇਦਾਰ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਬੋਰਡ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜਥੇਦਾਰ ਇਕਬਾਲ ਸਿੰਘ ਨੇ ਦੋ ਵਿਆਹ ਕਰਵਾਏ ਹਨ। ਉਨ੍ਹਾਂ ’ਤੇ ਇਲਜ਼ਾਮ ਹਨ ਕਿ ਉਨ੍ਹਾਂ ਦੇ ਚਾਲ-ਚਲਣ ਠੀਕ ਨਹੀਂ ਹਨ ਤੇ ਉਹ ਆਰਐਸਐਸ ਦੇ ਏਜੰਟ ਹਨ। ਉਨ੍ਹਾਂ ਨੂੰ ਸੇਵਾ ਮੁਕਤ ਕਰਨ ਦੀ ਮੰਗ ਕੀਤੀ ਗਈ। ਬੋਰਡ ਮੈਂਬਰਾਂ ਤੇ ਸਿੱਖ ਸੰਗਠਨ ਨੇ ਅੱਜ ਜਥੇਦਾਰ ਇਕਬਾਲ ਸਿੰਘ ਖਿਲਾਫ ਸਬੂਤਾਂ ਸਣੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸ਼ਿਕਾਇਤ ਕੀਤੀ ਹੈ। ਇਸ ਮੌਕੇ ਪਟਨਾ ਸਾਹਿਬ ਦੇ ਬੋਰਡ ਮੈਂਬਰ ਕਮਿਕਰ ਸਿੰਘ ਮੁਕੰਦਪੁਰ ਨੇ ਜਥੇਦਾਰ ਇਕਬਾਲ ਸਿੰਘ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਥੇਦਾਰ ਨੇ ਦੋ ਵਿਆਹ ਕਰਵਾਏ ਹਨ। ਉਨ੍ਹਾਂ ਨੇ ਜਥੇਦਾਰ ਦੀ ਸ਼ਖ਼ਸੀਅਤ ਉੱਤੇ ਵੀ ਸਵਾਲ ਖੜ੍ਹੇ ਕੀਤੇ ਤੇ ਜਥੇਦਾਰ ’ਤੇ ਆਰਆਰਐਸ ਦੇ ਏਜੰਟ ਹੋਣ ਦਾ ਇਲਜ਼ਾਮ ਲਾਉਂਦਿਆਂ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤ ਪਹੁੰਚ ਗਈ ਹੈ ਤੇ ਇਸ ਉੱਤੇ ਵਿਚਾਰ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਪੰਜ ਸਿੰਘਾਂ ਦੀ ਮੀਟਿੰਗ ਵਿੱਚ ਇਸ ਸਬੰਧੀ ਫੈਸਲਾ ਲਿਆ ਜਾਏਗਾ।