ਬਠਿੰਡਾ: ਵਿਜੀਲੈਂਸ ਪੁਲਿਸ ਨੇ ਫੂਲ ਹਲਕੇ ਦੇ ਪਟਵਾਰੀ ਤੇ ਉਸ ਦੇ ਸਹਾਇਕ ਨੂੰ 12 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਨੇ ਇਹ ਕਾਰਵਾਈ ਰਾਮਪੁਰਾ ਫੂਲ ਦੇ ਵਾਸੀ ਹਰਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਕੀਤੀ।
ਹਰਪ੍ਰੀਤ ਨੇ ਵਿਜੀਲੈਂਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਰਜਿਸਟਰਡ ਵਸੀਅਤ ਦੇ ਹਿਸਾਬ ਨਾਲ ਇੰਤਕਾਲ ਉਨ੍ਹਾਂ ਦੇ ਨਾਮ ਕਰਨ ਤੇ ਤਹਿਸੀਲਦਾਰ ਕੋਲੋਂ ਮਨਜ਼ੂਰੀ ਲੈਣ ਬਦਲੇ ਪਟਵਾਰੀ ਗੁਰਜੀਤ ਸਿੰਘ ਉਨ੍ਹਾਂ ਕੋਲੋਂ ਦੋ ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ 7 ਕਿੱਲਿਆਂ ਦੇ 14 ਹਜ਼ਾਰ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਅਖੀਰ 12 ਹਜ਼ਾਰ ਰੁਪਏ 'ਤੇ ਗੱਲ ਨਿੱਬੜ ਗਈ।
ਇਸ ਤੋਂ ਬਾਅਦ ਹਰਪ੍ਰੀਤ ਸਿੰਘ ਨੇ ਪਟਵਾਰੀ ਖ਼ਿਲਾਫ਼ ਵਿਜੀਲੈਂਸ ਕੋਲ ਪਹੁੰਚ ਕੀਤੀ। ਇਸ ਦੇ ਚੱਲਦਿਆਂ ਵਿਜੀਲੈਂਸ ਨੇ ਪਟਵਾਰੀ ਗੁਰਜੀਤ ਸਿੰਘ ਤੇ ਉਸ ਦੇ ਸਹਾਇਕ ਜਸਵਿੰਦਰ ਸਿੰਘ ਨੂੰ 12 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ।