ਆਖ਼ਰ ਕਿਉਂ ਫੂਲਕਾ ਨੇ ਕੀਤਾ ਪੰਜਾਬ ਦੀ ਸਿਆਸਤ ਤੋਂ ਕਿਨਾਰਾ..?
ਏਬੀਪੀ ਸਾਂਝਾ | 26 Nov 2017 09:47 AM (IST)

ਚੰਡੀਗੜ੍ਹ: ਬੀਤੀਆਂ ਲੋਕ ਸਭਾ ਚੋਣਾਂ ਤੋਂ ਲੈ ਕੇ ਵਿਧਾਨ ਸਭਾ ਚੋਣਾਂ ਦਰਮਿਆਨ ਜੋ ਚੜ੍ਹਤ ਆਮ ਆਦਮੀ ਪਾਰਟੀ ਦੀ ਸੀ, ਉਹ ਹੁਣ ਬਰਕਰਾਰ ਨਹੀਂ ਰਹਿ ਗਈ ਹੈ। ਭਾਰਤ ਦੇ ਇਤਿਹਾਸ ਵਿੱਚ ਸ਼ਾਇਦ ਹੀ ਕਿਸੇ ਨਵੀਂ ਪਾਰਟੀ ਨੂੰ ਲੋਕਾਂ ਨੇ ਇੰਨਾ ਹੁੰਗਾਰਾ ਦਿੱਤਾ ਹੋਵੇਗਾ ਜਿੰਨਾ 'ਆਪ' ਨੂੰ ਦਿੱਤਾ ਸੀ। ਇਸ ਗੱਲ ਦਾ ਪ੍ਰਮਾਣ ਪੰਜਾਬ ਤੇ ਦੇਸ਼ ਵਿੱਚ ਹੋਈਆਂ ਪਿਛਲੀਆਂ ਚੋਣਾਂ ਤੋਂ ਪਹਿਲਾਂ ਵਾਲੇ ਮਾਹੌਲ ਤੋਂ ਲਗਦਾ ਹੈ। ਪੰਜਾਬ ਵਿੱਚ ਵਿਧਾਨ ਸਭ ਚੋਣਾਂ ਤੋਂ ਠੀਕ ਬਾਅਦ ਆਮ ਆਦਮੀ ਪਾਰਟੀ ਦਾ ਗ੍ਰਾਫ ਕਾਫੀ ਹੇਠਾਂ ਆ ਗਿਆ ਜਾਪਦਾ ਹੈ। ਇਸ ਦਾ ਪ੍ਰਮਾਣ ਸਮੇਂ ਸਮੇਂ 'ਤੇ ਪਾਰਟੀ ਆਗੂਆਂ ਦੇ ਵੱਖੋ-ਵੱਖਰੇ ਸੁਰ ਹੋਣ ਤੋਂ ਲਾਇਆ ਜਾ ਸਕਦਾ ਹੈ। ਪਰ ਅੱਜ ਇਹ ਗੱਲ ਕਹਿਣ ਦੀ ਵਜ੍ਹਾ ਹੋਰ ਕੋਈ ਨਹੀਂ ਸਗੋਂ 'ਆਪ' ਦੇ ਸਭ ਤੋਂ ਸੀਨੀਅਰ ਆਗੂਆਂ ਵਿੱਚੋਂ ਇੱਕ ਅਤੇ ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਐੱਚ. ਐੱਸ. ਫੂਲਕਾ ਵੱਲੋਂ ਬੀਤੇ ਕੱਲ੍ਹ ਦਿੱਤੇ ਬਿਆਨ ਹਨ। ਫੂਲਕਾ ਨੇ ਪੰਜਾਬ ਦੀ ਸਿਆਸਤ ਤੋਂ ਕਿਨਾਰਾ ਕਰਦਿਆਂ ਦਾਖਾ ਤੋਂ ਦਿੱਲੀ ਸੇਵਾ ਕਰਨ ਤੱਕ ਸੀਮਤ ਰਹਿਣ ਦਾ ਐਲਾਨ ਕੀਤਾ ਹੈ। ਫੂਲਕਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 27 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦੇ ਸ਼ੁਰੂ ਹੋ ਰਹੇ ਸਰਦ ਰੁੱਤ ਸੈਸ਼ਨ ਦੌਰਾਨ ਵੀ ਉਹ ਪੰਜਾਬ ਦੇ ਸਿਆਸੀ ਝਮੇਲਿਆਂ ਵਿੱਚ ਉਲਝਣ ਦੀ ਥਾਂ ਸਿਰਫ਼ ਆਪਣੇ ਹਲਕੇ ਦਾਖਾ ਦੀਆਂ ਸਮੱਸਿਆਵਾਂ ਅਤੇ ਮੰਗਾਂ ਤੱਕ ਸੀਮਤ ਰਹਿਣਗੇ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਡਰੱਗਜ਼ ਨਾਲ ਜੁੜੇ ਮੁੱਦੇ ਬਾਰੇ ਉਨ੍ਹਾਂ ਨੂੰ ਬਹੁਤੀ ਜਾਣਕਾਰੀ ਨਹੀਂ ਹੈ ਤੇ ਉਂਜ ਵੀ ਇਹ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਨਿੱਜੀ ਤੌਰ ’ਤੇ ਵਿਧਾਨ ਸਭਾ ਸੈਸ਼ਨ ਦੌਰਾਨ ਸੂਬੇ ਦੀ ਸਿਆਸਤ ਦੀ ਬਹਿਸ ਤੋਂ ਬਾਹਰ ਰਹਿਣਗੇ, ਪਰ ਵਿਧਾਇਕ ਦਲ ਵੱਲੋਂ ਕੀਤੇ ਫ਼ੈਸਲਿਆਂ ਉਪਰ ਜ਼ਰੂਰ ਅਮਲ ਕਰਨਗੇ। ਦੱਸਣਯੋਗ ਹੈ ਕਿ ਪਹਿਲਾਂ ਫੂਲਕਾ ਸਾਲ 1984 ਦੇ ਸਿੱਖ ਕਤਲੇਆਮ ਦੇ ਦਿੱਲੀ ਦੀਆਂ ਅਦਾਲਤਾਂ ਵਿੱਚ ਚੱਲਦੇ ਕੇਸਾਂ ਵਿੱਚ ਰੁੱਝੇ ਹੋਣ ਦਾ ਮੁੱਦਾ ਬਣਾ ਕੇ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇ ਗਏ ਸਨ ਤੇ ਹੁਣ ਉਨ੍ਹਾਂ ਨੇ ਪਾਰਟੀ ਦੀ ਸਿਆਸਤ ਸਮੇਤ ਸੂਬੇ ਦੀ ਰਾਜਨੀਤੀ ਤੋਂ ਵੀ ਕਿਨਾਰਾ ਕਰ ਲਿਆ ਹੈ। ਭਾਵੇਂ ਪੱਤਰਕਾਰਾਂ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਵਿੱਚ ਸ੍ਰੀ ਫੂਲਕਾ ਨੇ ਆਪਣੇ ਇਸ ਨਵੇਂ ਰੁਝਾਨ ਦੇ ਕਾਰਨ ਨਹੀਂ ਬਿਆਨੇ, ਪਰ ਸੂਤਰ ਦੱਸਦੇ ਹਨ ਕਿ ਪਾਰਟੀ ਵਿਚਲੀ ਕਥਿਤ ਸੌੜੀ ਚੌਧਰ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਆਪਣੇ-ਆਪ ਨੂੰ ਦਾਖਾ ਹਲਕੇ ਤੱਕ ਸੀਮਤ ਕਰਨ ਦਾ ਫ਼ੈਸਲਾ ਕੀਤਾ ਹੈ। ਫੂਲਕਾ ਨੇ ਕਿਹਾ ਕਿ ਉਨ੍ਹਾਂ ਨੇ ਹਲਕਾ ਦਾਖਾ ਵਿੱਚ ਸਿਆਸਤ ਤੋਂ ਉਪਰ ਉੱਠ ਕੇ ਹਰੇਕ ਪਾਰਟੀ ਦੇ ਲੋਕਾਂ ਨੂੰ ਨਾਲ ਲੈ ਕੇ ਚਾਰ ਲੋਕ ਭਲਾਈ ਪ੍ਰਾਜੈਕਟ ਵਿੱਢੇ ਹਨ। ਪਹਿਲੇ ਪ੍ਰਾਜੈਕਟ ਰਾਹੀਂ ਹਲਕੇ ਵਿਚਲੇ ਕੁੱਲ 112 ਪ੍ਰਾਇਮਰੀ ਸਕੂਲਾਂ ਵਿੱਚੋਂ 100 ਸਕੂਲਾਂ ’ਚ ਡਿਜੀਟਲ ਕਲਾਸ ਰੂਮ ਬਣਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਦਾਖਾ ਹਲਕੇ ਵਿੱਚ ਮੋਬਾਈਲ ਡਿਸਪੈਂਸਰੀ ਚਲਾਈ ਹੈ। ਛੇਤੀ ਹੀ ਦੋ ਹੋਰ ਮੋਬਾਈਲ ਡਿਸਪੈਂਸਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਚ ਪੜ੍ਹਾਈ ਲਈ ਮੁਫ਼ਤ ਕੋਚਿੰਗ ਦੇਣ ਦਾ ਪ੍ਰਬੰਧ ਵੀ ਕੀਤਾ ਹੈ। ਗਿਆਨ ਸੇਵਾ ਟਰੱਸਟ ਰਾਹੀਂ ਵਿਦਿਆਰਥੀਆਂ ਨੂੰ ਘਰਾਂ ਤੋਂ ਕੋਚਿੰਗ ਸੈਂਟਰ ਲਿਜਾਣ ਲਈ ਬੱਸ ਸੇਵਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੌਥੇ ਪ੍ਰਾਜੈਕਟ ਤਹਿਤ ਹਲਕੇ ਦੇ ਹਰੇਕ ਘਰ ਵਿੱਚ ਸੁਹਾਜਣਾ ਦਰੱਖਤ ਅਤੇ ਕੜੀ ਪੱਤਾ ਲਾਉਣ ਦੀ ਮੁਹਿੰਮ ਚਲਾਈ ਜਾਵੇਗੀ, ਜੋ ਸਿਹਤ ਲਈ ਵਰਦਾਨ ਸਾਬਤ ਹੋਣਗੇ।