ਖਹਿਰਾ ਧੜੇ ਨਾਲ ਡਟੇ ਫੂਲਕਾ, ਵਿਧਾਨ ਸਭਾ 'ਚ ਵਧੀ ਤਾਕਤ
ਏਬੀਪੀ ਸਾਂਝਾ | 24 Aug 2018 02:43 PM (IST)
ਚੰਡੀਗੜ੍ਹ: ਦੋ ਧੜਿਆਂ ਵਿੱਚ ਵੰਡੀ ਗਈ ਆਮ ਆਦਮੀ ਪਾਰਟੀ ਦੇ ਖਹਿਰਾ ਧੜੇ ਦੀ ਤਾਕਤ ਵਧੀ ਹੋਈ ਨਜ਼ਰ ਆਈ। ਸਦਾ ਨਿਰਪੱਖ ਰਹੇ ਵਿਧਾਇਕ ਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਹਰਵਿੰਦਰ ਸਿੰਘ ਫੂਲਕਾ ਨੇ ਖਹਿਰਾ ਧੜੇ ਦੀ ਹਮਾਇਤ ਕਰ ਦਿੱਤੀ ਹੈ। ਇੰਨਾ ਹੀ ਨਹੀਂ ਉਨ੍ਹਾਂ ਖਹਿਰਾ ਲਈ ਸਦਨ ਅੰਦਰ ਆਪਣੀ ਸੀਟ ਦੀ ਵੀ ਕੁਰਬਾਨ ਦੇ ਦਿੱਤੀ। ਫੂਲਕਾ ਨੇ ਖਹਿਰਾ ਰਲ਼ ਕੇ ਇਜਲਾਸ ਦਾ ਸਮਾਂ ਇੱਕ ਹਫ਼ਤਾ ਹੋਰ ਵਧਾਉਣ ਲਈ ਧਰਨਾ ਦਿੱਤਾ। ਫੂਲਕਾ ਨੇ ਅੱਜ ਸਭ ਤੋਂ ਪਹਿਲਾਂ ਵਿਧਾਨ ਸਭਾ ਵਿੱਚ ਮੌਜੂਦਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੱਲੋਂ ਚੱਲੀ 'ਚਾਲ' ਪੁੱਠੀ ਪਾਈ, ਫਿਰ ਉਨ੍ਹਾਂ ਖਹਿਰਾ ਦੇ ਪੱਖ ਵਿੱਚ ਧਰਨਾ ਵੀ ਮਾਰਿਆ। ਦਰਅਸਲ, ਚੀਮਾ ਨੇ ਖਹਿਰਾ ਤੇ ਕੰਵਰ ਸੰਧੂ ਨੂੰ ਵਿਧਾਨ ਸਭਾ ਵਿੱਚ ਪਿਛਲੀਆਂ ਸੀਟਾਂ ਦੇਣ ਦੀ ਸਿਫਾਰਸ਼ ਕੀਤੀ ਸੀ ਪਰ ਫੂਲਕਾ ਨੇ ਅੱਜ ਸਵੇਰੇ ਆਪਣੀ ਅਗਲੀ ਸੀਟ ਖਹਿਰਾ ਲਈ ਖਾਲੀ ਕਰ ਦਿੱਤੀ ਤੇ ਸਪੀਕਰ ਨੂੰ ਉਹ ਸੀਟ ਖਹਿਰਾ ਨੂੰ ਅਲਾਟ ਕਰਨ ਲਈ ਪੱਤਰ ਵੀ ਲਿਖ ਦਿੱਤਾ। 'ਆਪ' ਵਿਧਾਇਕ ਐਚਐਸ ਫੂਲਕਾ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਹੁਣ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀਆਂ ਸੀਟਾਂ ਪੁਰਾਣੀਆਂ ਹੀ ਰਹਿਣਗੀਆਂ ਤੇ ਹਰਪਾਲ ਚੀਮਾ ਦਾ ਤਿਆਰ ਕੀਤਾ ਹੋਇਆ ਨਵਾਂ ਸੀਟਿੰਗ ਅਰੇਂਜਮੈਂਟ ਨਹੀਂ ਚੱਲੇਗਾ। ਉਨ੍ਹਾਂ ਸਾਫ਼ ਕੀਤਾ ਕਿ ਸੁਖਪਾਲ ਖਹਿਰਾ ਪਿੱਛੇ ਨਹੀਂ ਅੱਗੇ ਹੀ ਬੈਠਣਗੇ। ਸ਼ੁੱਕਰਵਾਰ ਸਵੇਰ ਦਾਖਾ ਤੋਂ ਵਿਧਾਇਕ ਐਚ.ਐਸ. ਫੂਲਕਾ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਖਹਿਰਾ ਨਾਲ ਉਨ੍ਹਾਂ ਦੇ ਘਰ ਵਿੱਚ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਪਾਰਟੀ ਦੇ ਵਿਧਾਇਕ ਦਲ ਦੀ ਮੀਟਿੰਗ ਵਿੱਚ ਆਉਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਤੇ ਵਿਧਾਨ ਸਭਾ ਵਿੱਚ ਬੈਠਣ ਦੇ ਮੁੱਦੇ ਨੂੰ ਵੀ ਸੁਲਝਾਇਆ। ਖਹਿਰਾ ਨਾਲ ਮੁਲਾਕਾਤ ਤੋਂ ਬਾਅਦ ਫੂਲਕਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਦਨ ਵਿੱਚ ਖਹਿਰਾ ਦੇ ਬੋਲਣ ਦੀ ਸੰਭਾਵਨਾ ਘੱਟ ਹੀ ਹੈ। ਜਦਕਿ ਅਰੋੜਾ ਨੇ ਕਿਹਾ ਕਿ ਇਹ ਪਾਰਟੀ ਲਈ ਚੰਗਾ ਹੋਵੇਗਾ ਕਿ ਘੱਟੋ-ਘੱਟ ਵਿਧਾਨ ਸਭਾ ਵਿੱਚ ਤਾਂ ਇੱਕਮੁੱਠਤਾ ਦਾ ਪ੍ਰਗਟਾਵਾ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਫੂਲਕਾ ਇਸ ਤੋਂ ਪਹਿਲਾਂ ਇਸ ਤਰ੍ਹਾਂ ਖੁੱਲ੍ਹ ਕੇ ਖਹਿਰਾ ਨਾਲ ਨਹੀਂ ਖੜ੍ਹੇ ਸਨ। ਜਦੋਂ ਤੋਂ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਲਾਹਿਆ ਗਿਆ ਹੈ, ਉਦੋਂ ਤੋਂ ਪਾਰਟੀ ਖਹਿਰਾ ਧੜਾ (ਅੱਠ ਵਿਧਾਇਕ), ਹਾਈਕਮਾਨ ਪੱਖੀ ਧੜਾ (11 ਵਿਧਾਇਕ) ਤੇ ਨਿਰਪੱਖ (ਐਸ.ਐਸ. ਫੂਲਕਾ) ਹਿੱਸਿਆਂ ਵਿੱਚ ਵੰਡੀ ਹੋਈ ਸੀ। ਅੱਜ ਦੇ ਵਰਤਾਰੇ ਤੋਂ ਇਹ ਸਮੀਕਰਨ ਬਦਲ ਕੇ ਖਹਿਰਾ ਧੜਾ (ਨੌਂ ਵਿਧਾਇਕ) ਤੇ ਹਾਈਕਮਾਨ ਪੱਖੀ ਧੜਾ (11 ਵਿਧਾਇਕ) ਹੋ ਗਏ ਹਨ। ਖਹਿਰਾ ਵੱਲੋਂ ਕੀਤੀ ਗਈ ਬਠਿੰਡਾ ਕਨਵੈਨਸ਼ਨ ਵਿੱਚ ਉਨ੍ਹਾਂ ਨਾਲ ਛੇ ਵਿਧਾਇਕ ਸਨ। ਕੁਝ ਦਿਨ ਬਾਅਦ ਹਾਈਕਮਾਨ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਗੜ੍ਹਸ਼ੰਕਰ ਦੇ ਜੈ ਕਿਸ਼ਨ ਸਿੰਘ ਰੋੜੀ ਨੇ ਵੀ ਖਹਿਰਾ ਨੂੰ ਆਪਣਾ ਸਮਰਥਨ ਦੇ ਦਿੱਤਾ। ਹੁਣ ਫੂਲਕਾ ਦੇ ਧੜੇ ਵਿੱਚ ਰਲ਼ਣ ਅਤੇ ਖੁੱਡੇ ਲਾਉਣ ਵਾਲੇ ਸੀਟਿੰਗ ਪਲਾਨ ਦੀ ਫੂਕ ਨਿੱਕਲਣ ਨਾਲ ਖਹਿਰਾ ਦੀ ਤਾਕਤ ਵਧ ਗਈ ਹੈ।