ਚੰਡੀਗੜ੍ਹ: ਸਰਕਾਰ ਦੇ ਮੰਤਰੀਆਂ ਨੂੰ ਅਸਤੀਫ਼ੇ ਦੀ ਚੁਨੌਤੀ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਹੁਣ ਫੇਰ ਤੋਂ ਕੈਪਟਨ ਸਰਕਾਰ ਘੇਰੀ ਹੈ। ਫੂਲਕਾ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਕੈਪਟਨ ਬੇਅਦਬੀ ਰਿਪੋਰਟ ਤੋਂ ਬਾਅਦ ਵੀ ਬਾਦਲਾਂ ਵਿਰੁੱਧ ਕਾਰਵਾਈ ਨਹੀਂ ਕਰਨਗੇ।


ਦਾਖਾ ਤੋਂ ਵਿਧਾਇਕ ਐਚਐਸ ਫੂਲਕਾ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫ਼ਰੰਸ ਕਰਦਿਆਂ ਕਿਹਾ ਮੁੱਖ ਮੰਤਰੀ ਨੇ ਆਪਣੇ ਮੀਡੀਆ ਬਿਆਨ ਵਿੱਚ ਦੱਸਿਆ ਹੈ ਕਿ ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਚੱਲੀ ਗੋਲ਼ੀ ਦੇ ਕੇਸ ਸੀਬੀਆਈ ਨੂੰ ਨਹੀਂ ਸੌਂਪੇ ਗਏ ਅਤੇ ਇਨ੍ਹਾਂ ਦੀ ਜਾਂਚ ਪੰਜਾਬ ਪੁਲਿਸ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਕੇਸਾਂ ਵਿੱਚ ਹੀ ਉਨ੍ਹਾਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਤੋਂ ਪੁੱਛਗਿੱਛ ਦੀ ਮੰਗ ਕੀਤੀ ਸੀ।

ਫੂਲਕਾ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਇਸ ਮੰਗ ਨੂੰ ਗ਼ਲਤ ਤਰੀਕੇ ਨਾਲ ਸਮਝਿਆ ਗਿਆ। ਫੂਲਕਾ ਨੇ ਸਾਫ ਕੀਤਾ ਕਿ ਉਨ੍ਹਾਂ ਦੋਵਾਂ ਤੋਂ ਪੁੱਛਗਿੱਛ ਕਰਨ ਲਈ ਚੁਨੌਤੀ ਦਿੱਤੀ ਸੀ ਨਾ ਕਿ ਗ੍ਰਿਫ਼ਤਾਰ ਕਰਨ ਲਈ। ਆਪ ਲੀਡਰ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਉਨ੍ਹਾਂ ਤੋਂ ਪੁੱਛਗਿੱਛ ਨਹੀਂ ਕਰ ਸਕਦੀ ਤਾਂ ਸਾਫ਼ ਹੈ ਕਿ ਉਹ ਬੇਅਦਬੀ ਮਾਮਲਿਆਂ ਨੂੰ ਲਟਕਾਉਣਾ ਚਾਹੁੰਦੀ ਹੈ।

ਵਿਧਾਇਕ ਐਚਐਸ ਫੂਲਕਾ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਬੇਅਦਬੀ ਰਿਪੋਰਟ ਦਾ ਆਉਂਦੀਆਂ ਪੰਚਾਇਤੀ ਚੋਣਾਂ ਅਤੇ ਲੋਕ ਸਭਾ ਚੋਣਾਂ ਵਿੱਚ ਲਾਹਾ ਲੈਣ ਲਈ ਇਸ 'ਤੇ ਕਾਰਵਾਈ ਨੂੰ ਜਾਣ ਬੁੱਝ ਕੇ ਲਟਕਾ ਰਹੀ ਹੈ।