ਅੰਮ੍ਰਿਤਸਰ: ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਪੰਜ ਰੋਜ਼ਾ ਚੱਲਣ ਵਾਲਾ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (PITEX) ਸ਼ੁਰੂ ਹੋ ਗਿਆ ਹੈ। ਹਾਲਾਂਕਿ, ਮੇਲੇ ਦੀਆਂ ਰੌਣਕਾਂ ਦੇਖਦੇ ਹੀ ਬਣਦੀਆਂ ਹਨ, ਪਰ ਇਸ ਦੀ ਜਾਨ ਪਾਕਿਸਤਾਨੀ ਵਪਾਰੀ ਇਸ ਵਾਰ ਕਾਫੀ ਘੱਟ ਗਿਣਤੀ ਵਿੱਚ ਆਏ ਹਨ। 200 ਕਾਰੋਬਾਰੀ ਇਸ ਮੇਲੇ ਵਿੱਚ ਆਉਣ ਦੇ ਇਛੁੱਕ ਸਨ ਪਰ ਸਿਰਫ ਪੰਜ ਨੂੰ ਹੀ ਇੱਥੇ ਸਟਾਲ ਲਾਉਣ ਦਾ ਮੌਕਾ ਮਿਲਿਆ। ਪਰ ਵਪਾਰੀਆਂ ਦੀ ਨਮੋਸ਼ੀ ਹੁਣ ਕਰਤਾਰਪੁਰ ਸਾਹਿਬ ਲਾਂਘਾ ਦੂਰ ਕਰੇਗਾ। ਇਹ ਪ੍ਰਗਟਾਵਾ ਕੀਤਾ ਹੈ ਪਾਈਟੈਕਸ ਮੇਲੇ ਦੇ ਪ੍ਰਬੰਧਕ ਆਰ.ਐਸ. ਸਚਦੇਵਾ ਨੇ ਕੀਤਾ ਹੈ।

ਸਚਦੇਵਾ ਨੇ ਦੱਸਿਆ ਕਿ ਇਸ ਵਾਰ 200 ਤੋਂ ਜ਼ਿਆਦਾ ਵਪਾਰੀ ਆਉਣ ਦੇ ਚਾਹਵਾਨ ਸਨ ਪਰ MEA ਵੱਲੋਂ ਡੇਢ ਮਹੀਨਾ ਪਹਿਲਾਂ ਪਾਇਟੈਕਸ ਦੇ ਪ੍ਰਬੰਧਕਾਂ ਨੂੰ ਇਹ ਦੱਸ ਦਿੱਤਾ ਗਿਆ ਸੀ ਕਿ ਇਸ ਵਾਰ ਪਾਕਿਸਤਾਨੀ ਵਪਾਰੀਆਂ ਨੂੰ ਨਹੀਂ ਬੁਲਾਇਆ ਜਾਵੇਗਾ ਅਤੇ ਸਿਰਫ ਸਾਰਕ ਵੀਜ਼ੇ ਵਾਲੇ ਪੰਜ ਦੇ ਕਰੀਬ ਵਪਾਰੀ ਹੀ ਇਸ ਪਾਈਟੈਕਸ ਦਾ ਹਿੱਸਾ ਹੋਣਗੇ। ਉਨ੍ਹਾਂ ਦੱਸਿਆ ਕਿ ਦੋਵਾਂ ਦੇਸ਼ ਦੇ ਰਿਸ਼ਤਿਆਂ ਦੀ ਕੜਵਾਹਟ ਕਾਰਨ ਪਾਕਿਸਤਾਨੀ ਵਪਾਰੀਆਂ ਨੂੰ ਵੀਜ਼ੇ ਨਹੀਂ ਦਿੱਤੇ ਗਏ।

ਪਾਈਟੈਕਸ ਪ੍ਰਬੰਧਕ ਨੇ ਉਮੀਦ ਜ਼ਾਹਰ ਕੀਤੀ ਕਿ ਸਚਦੇਵਾ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਕੌਰੀਡੋਰ ਦੀ ਸ਼ੁਰੂਆਤ ਤੋਂ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦੋਵਾਂ ਦੇਸ਼ਾਂ ਦੇ ਵਪਾਰਕ ਰਿਸ਼ਤੇ ਵੀ ਠੀਕ ਹੋਣਗੇ ਅਤੇ ਕਾਰੋਬਾਰੀਆਂ ਨੂੰ ਇਸ ਦਾ ਲਾਭ ਹੋਵੇਗਾ। ਉਨ੍ਹਾਂ ਇਸ ਕਦਮ ਨਾਲ ਅੰਮ੍ਰਿਤਸਰ ਦਾ ਉਦਯੋਗਿਕ ਗ੍ਰਾਫ ਵਧਣ ਦੀ ਆਸ ਵੀ ਜਤਾਈ।

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਨੇ ਬੀਤੇ ਕੱਲ੍ਹ ਦੱਸਿਆ ਸੀ ਕਿ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਕਰਵਾਏ ਜਾ ਰਹੇ ਇਸ 13ਵੇਂ ਸਨਅਤੀ ਮੇਲੇ ਦੀ ਮੇਜ਼ਬਾਨੀ ਪੰਜਾਬ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਅਤੇ ਪਿਛਲੇ 12 ਸਾਲਾਂ ਦੌਰਾਨ ਪਾਈਟੈਕਸ ਨੇ ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਆਪਣੀ ਵੱਖਰੀ ਪਹਿਚਾਣ ਬਣਾਈ ਹੈ, ਜਿਸ ਕਾਰਨ ਲੋਕਾਂ ਨੂੰ ਇਸਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ।

ਇਸ ਪ੍ਰੋਗਰਾਮ ਵਿੱਚ ਐਨ.ਐਸ.ਆਈ.ਸੀ., ਐਮ.ਐਸ.ਐਮ.ਈ., ਨੈਸ਼ਨਲ ਜੂਟ ਬੋਰਡ ਤੋਂ ਇਲਾਵਾ ਪੰਜਾਬ ਸਰਕਾਰ ਦੇ ਪੀ.ਐਸ.ਆਈ.ਈ.ਸੀ., ਗਮਾਡਾ, ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ, ਪੇਡਾ, ਮਿਲਕਫੈਡ ਅਤੇ ਮਾਰਕਫੈਡ ਵਲੋਂ  ਸਹਿਯੋਗ ਦਿੱਤਾ ਜਾ ਰਿਹਾ ਹੈ। ਉਨਾਂ ਦੱਸਿਆ, ਕਿ ਇਹ ਪਹਿਲਾ ਮੌਕਾ ਹੈ ਜਦੋਂ ਪਾਈਟੈਕਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਸਟਾਲ ਬੁੱਕ ਹੋ ਚੁੱਕੇ ਹਨ। ਇਸ ਵਾਰ ਪਾਈਟੈਕਸ ਵਿੱਚ ਜਿਥੇ ਅਫਗਾਨਿਸਤਾਨ, ਤੁਰਕੀ, ਥਾਈਲੈਂਡ, ਮਿਸ਼ਰ ਆਦਿ ਦੇਸ਼ਾਂ ਦੇ ਕਾਰੋਬਾਰੀ ਭਾਗ ਲੈ ਰਹੇ ਹਨ, ਉਥੇ  ਹੀ ਲੋਕਾਂ ਨੂੰ ਇਥੇ ਪਾਕਿਸਤਾਨੀ ਉਤਪਾਦ ਵੀ ਮਿਲਣਗੇ। ਇਸ ਤੋਂ ਇਲਾਵਾ ਝਾਰਖੰਡ, ਜੰਮੂ-ਕਸ਼ਮੀਰ ਅਤੇ ਰਾਜਸਥਾਨ ਆਦਿ ਸੂਬਿਆਂ ਵਲੋਂ ਵੀ ਸ਼ਮੂਲੀਅਤ ਗਈ ਹੈ।