ਪਟਿਆਲਾ: ਨਾਭਾ ਜੇਲ੍ਹ ਵਿੱਚ ਬਰਗਾੜੀ ਬੇਅਦਬੀ ਕਾਂਡ ਦੇ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਯੋਜਨਾ ਪਿਛਲੇ ਛੇ ਮਹੀਨਿਆਂ ਤੋਂ ਜਾਰੀ ਸੀ। ਬਿੱਟੂ ਨੂੰ ਪਟਿਆਲਾ ਜੇਲ੍ਹ ਤੋਂ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਗੈਂਗਸਟਰਾਂ ਤੋਂ ਖ਼ਤਰਾ ਹੋਣ ਕਰਕੇ ਨਾਭਾ ਜੇਲ੍ਹ ਵਿੱਚ ਤਬਦੀਲ ਕੀਤਾ ਸੀ, ਪਰ ਇੱਥੇ ਵੀ ਉਸ ਨੂੰ ਸੁਰੱਖਿਅਤ ਨਹੀਂ ਰੱਖਿਆ ਜਾ ਸਕਿਆ।


ਬਿੱਟੂ ਕਤਲ ਕਾਂਡ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਦਾ ਕੋਈ ਵੀ ਮੈਂਬਰ ਮਾਮਲਾ ਹਾਈਪ੍ਰੋਫਾਈਲ ਹੋਣ ਕਰਕੇ ਕੁਝ ਨਹੀਂ ਦੱਸ ਰਹੇ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਤਲ ਦਾ ਮੁੱਖ ਮੁਲਜ਼ਮ ਗੁਰਸੇਵਕ ਸਿੰਘ ਹੈ ਤੇ ਉਸ ਨੇ ਹੀ ਮਨਿੰਦਰ ਸਿੰਘ ਨੂੰ ਉਕਸਾਇਆ ਸੀ।

ਦੋ ਮਹੀਨੇ ਦੀ ਛੁੱਟੀ ਦੌਰਾਨ ਮੁਲਜ਼ਮ ਗੁਰਸੇਵਕ ਸਿੰਘ ਨੇ ਬਿੱਟੂ ਨੂੰ ਜਾਨੋਂ ਮਾਰਨ ਦੀ ਯੋਜਨਾ ਬਣਾਈ ਸੀ। ਛੁੱਟੀ ਕੱਟ ਕੇ ਵਾਪਸ ਜੇਲ੍ਹ ਆਉਂਦਿਆਂ ਹੀ ਉਸ ਨੇ ਮਨਿੰਦਰ ਨੂੰ ਵੀ ਆਪਣੇ ਨਾਲ ਰਲਾ ਲਿਆ। ਉਹ ਪਿਛਲੇ ਛੇ ਮਹੀਨਿਆਂ ਤੋਂ ਬਿੱਟੂ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ। ਦੋਵਾਂ ਨੇ ਬੈਰਕ ਦੀਆਂ ਸਲਾਖਾਂ 'ਚੋਂ ਇੱਕ ਸਰੀਆ ਤੋੜ ਕੇ ਰੱਖਿਆ ਹੋਇਆ ਸੀ ਤੇ ਮੌਕਾ ਮਿਲਦੇ ਹੀ ਹਮਲਾ ਕਰ ਦਿੱਤਾ।

ਐਸਆਈਟੀ ਨੇ ਇਸ ਮਾਮਲੇ ਵਿੱਚ ਦੋ ਹੋਰ ਕੈਦੀਆਂ ਨੂੰ ਪ੍ਰੋਡਕਸ਼ਨ ਵਾਰੰਟਾਂ ’ਤੇ ਲਿਆ ਕੇ ਪੁੱਛਗਿੱਛ ਕੀਤੀ ਹੈ। ਇਸ ਤੋਂ ਇਲਾਵਾ ਮੈਕਸੀਮਮ ਸਕਿਉਰਿਟੀ ਜੇਲ੍ਹ ਨਾਭਾ ਤੋਂ ਵੀ ਇੱਕ ਕੈਦੀ ਨੂੰ ਪ੍ਰੋਡਕਸ਼ਨ ਵਾਰੰਟਾਂ ’ਤੇ ਲਿਆਂਦਾ ਗਿਆ ਹੈ। ਐਸਆਈਟੀ ਮਾਮਲੇ ਵਿੱਚ ਕੁੱਲ ਪੰਜਾਂ ਮੁਲਜ਼ਮਾਂ ਤੋਂ ਸੀਆਈਏ ਸਟਾਫ਼ ਪਟਿਆਲਾ ਵਿੱਚ ਪੁੱਛ-ਪੜਤਾਲ ਕਰ ਰਹੀ ਹੈ। ਐਸਆਈਟੀ ਅੱਜ ਘਟਨਾ ਸਥਾਨ ਦਾ ਦੌਰਾ ਵੀ ਕਰ ਸਕਦੀ ਹੈ।