ਚੰਡੀਗੜ੍ਹ : ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਤੇ ਬਹਾਦਰ ਜਰਨੈਲ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਿਰਜੇ ਇਤਿਹਾਸ ਨੂੰ ਪੇਸ਼ ਕਰਦਾ ਨਾਟਕ 'ਸਿੱਖ ਰਾਜ ਦਾ ਮੰਚਨ' ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿਖੇ ਪੇਸ਼ ਕੀਤਾ ਗਿਆ। ਪੰਜਾਬੀ ਥੀਏਟਰ ਅਕੈਡਮੀ ਯੂ ਕੇ ਤੇ ਪੰਜਾਬੀ ਨਾਟਕ ਅਕੈਡਮੀ ਦੇ ਸਾਂਝੇ ਉੱਦਮ ਨਾਲ ਤਿਆਰ ਕੀਤੇ ਨਾਟਕ ਨੂੰ ਦੇਖਣ ਲਈ ਭਾਰੀ ਗਿਣਤੀ ਵਿੱਚ ਦਰਸ਼ਕ ਪਹੁੰਚੇ।

ਨਾਟਕ ਵਿੱਚ 1699-1716 ਦੇ ਸਿੱਖ ਰਾਜ ਦੇ ਇਤਿਹਾਸ ਨੂੰ ਵੱਖ ਵੱਖ ਪੜਾਵਾਂ 'ਚ ਦਿਖਾਇਆ ਗਿਆ ਹੈ। ਬਿਨਾਂ ਸੰਗੀਤ ਦੇ ਨਿਰੋਲ ਅਦਾਕਾਰੀ ਦਿਖਾਉਂਦੇ ਇਸ ਨਾਟਕ ਨੂੰ ਸੂਤਰਧਾਰ ਦੇ ਜ਼ਰੀਏ ਬਹੁਤ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ ਸੀ।ਤਜਿੰਦਰ ਸਿੰਦਰਾ ਵੱਲੋਂ ਲਿਖੇ ਅਤੇ ਨਿਰਦੇਸ਼ਤ ਕੀਤੇ ਨਾਟਕ ਨੂੰ ਦਰਸ਼ਕਾਂ ਨੇ ਪਸੰਦ ਵੀ ਖ਼ੂਬ ਕੀਤਾ।

ਨਾਟਕ ਦੇ ਜ਼ਿਆਦਾਤਰ ਕਲਾਕਾਰ ਪ੍ਰਵਾਸੀ ਪੰਜਾਬੀ ਸਨ। ਨਾਟਕ ਦੇ ਕਲਾਕਾਰ ਕਿਸੇ ਸੰਸਥਾ ਦੇ ਸੱਦੇ ਉੱਤੇ ਨਹੀਂ ਸਗੋਂ ਆਪਣੇ ਖ਼ਰਚੇ ਉੱਤੇ ਭਾਰਤ ਪਹੁੰਚੇ ਹਨ। ਚੰਡੀਗੜ੍ਹ ਤੋਂ ਬਾਅਦ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਇਸ ਨਾਟਕ ਦੇ ਸ਼ੋਅ ਕੀਤੇ ਜਾਣਗੇ।