ਚੰਡੀਗੜ੍ਹ: ਕਈ ਵਿਵਾਦਾਂ ਵਿੱਚ ਘਿਰਦੇ ਰਹੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਨਜ਼ਰ ਆ ਰਹੀਆਂ ਹਨ। ਬੇਅਦਬੀ ਮਗਰੋਂ ਗੋਲੀਕਾਂਡ ਦੇ ਮੁੱਦੇ ’ਤੇ ਗ੍ਰਿਫ਼ਤਾਰ ਉਮਰਾਨੰਗਲ ਖਿਲਾਫ ਹੁਣ 1994 ’ਚ ਫਰਜ਼ੀ ਮੁਕਾਬਲੇ ਦਾ ਮਾਮਲਾ ਸਾਹਮਣੇ ਆਇਆ ਹੈ।


ਫਰਜ਼ੀ ਮੁਕਾਬਲੇ 'ਚ ਮਾਰੇ ਗਏ ਸੁਖਪਾਲ ਸਿੰਘ ਦੀ ਪਤਨੀ ਦਲਬੀਰ ਕੌਰ ਨੇ ਪੰਜਾਬ ਹਰਿਆਣਾ ਹਾਈਕੋਰਟ ’ਚ ਵਾਧੂ ਹਲਫ਼ਨਾਮਾ ਦਾਖ਼ਲ ਕਰਕੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਾਉਣ ਦੀ ਮੰਗ ਦੁਹਰਾਈ ਹੈ। ਉਨ੍ਹਾਂ ਇਲਜ਼ਾਮ ਲਾਇਆ ਹੈ ਕਿ ਸਰਕਾਰ ਉਮਰਾਨੰਗਲ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੀ ਰਹੀ ਹੈ।

ਵਕੀਲ ਆਰ ਕਾਰਤੀਕੇਯ ਰਾਹੀਂ ਦਾਖ਼ਲ ਹਲਫ਼ਨਾਮੇ ’ਚ ਦਲਬੀਰ ਕੌਰ ਨੇ ਕਿਹਾ ਹੈ ਕਿ ਉਮਰਾਨੰਗਲ ਅਹੁਦੇ ਤੇ ਤਾਕਤ ਦੀ ਦੁਰਵਰਤੋਂ ਕਰਦਾ ਰਿਹਾ ਤੇ ਫਰਜ਼ੀ ਮੁਕਾਬਲੇ ਦੇ ਮਾਮਲੇ ’ਚ ਸੂਬਾ ਸਰਕਾਰ ਵੀ ਉਸ ਨੂੰ ਸਬੂਤ ਨਸ਼ਟ ਕਰਨ ਲਈ ਵਾਧੂ ਸਮਾਂ ਦਿੰਦੀ ਰਹੀ। ਉਨ੍ਹਾਂ ਕਿਹਾ ਕਿ ਉਮਰਾਨੰਗਲ ਖ਼ਿਲਾਫ਼ ਜਾਂਚ ਉਸ ਦੇ ਅਧੀਨ ਆਉਂਦੇ ਅਧਿਕਾਰੀ ਵੱਲੋਂ ਕੀਤੀ ਗਈ। ਇਸ ਕਰਕੇ ਉਨ੍ਹਾਂ ਨੂੰ ਨਿਆਂ ਨਹੀਂ ਮਿਲਿਆ।

ਕਾਲਾ ਅਫ਼ਗਾਨਾ ਪਿੰਡ ਦੇ ਦਲਬੀਰ ਕੌਰ ਤੇ ਉਸ ਦੇ ਸਹੁਰੇ ਜਗੀਰ ਸਿੰਘ ਨੇ 2013 ’ਚ ਪਟੀਸ਼ਨ ਦਾਖ਼ਲ ਕਰਕੇ ਕਿਹਾ ਸੀ ਕਿ ਫਰਜ਼ੀ ਮੁਕਾਬਲੇ ’ਚ ਸੁਖਪਾਲ ਸਿੰਘ ਨੂੰ ਮਾਰਿਆ ਗਿਆ ਹੈ। ਇਹ ਘਟਨਾ 13 ਅਗਸਤ, 1994 ਦੀ ਹੈ ਜਦੋਂ ਪੁਲਿਸ ਉਸ ਨੂੰ ਘਰੋਂ ਚੁੱਕ ਕੇ ਲੈ ਗਈ ਸੀ। ਕੁਝ ਅਖ਼ਬਾਰਾਂ ’ਚ ਖ਼ਬਰ ਪ੍ਰਕਾਸ਼ਤ ਹੋਈ ਕਿ ਰੋਪੜ ਜ਼ਿਲ੍ਹੇ ’ਚ ਮੁਕਾਬਲੇ ਦੌਰਾਨ ‘ਦਹਿਸ਼ਤਗਰਦ’ ਗੁਰਨਾਮ ਸਿੰਘ ਬੰਡਾਲਾ ਮਾਰ ਮੁਕਾਇਆ ਗਿਆ ਹੈ। ਪਟੀਸ਼ਨਰਾਂ ਨੂੰ ਬਾਅਦ ’ਚ ਪਤਾ ਲੱਗਾ ਕਿ ਮਾਰਿਆ ਗਿਆ ਵਿਅਕਤੀ ਬੰਡਾਲਾ ਨਹੀਂ ਸਗੋਂ ਸੁਖਪਾਲ ਸਿੰਘ ਸੀ।