ਹੁਸ਼ਿਆਰਪੁਰ: ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕਿਸਾਨਾਂ ਨੂੰ ਸਿੱਧੀ ਆਰਥਕ ਲਾਭ ਦੇਣ ਵਾਲੀ ਸਕੀਮ ਵਾਲੇ ਮਾਮਲੇ ਵਿੱਚ ਪੰਜਾਬੀ ਕਿਸਾਨਾਂ ਦੀ ਵਾਰੀ ਅੱਗੇ ਆਉਣ ਦੀ ਗੱਲ ਕਹੀ। ਮੋਦੀ ਨੇ ਕਿਹਾ ਕਿ 23 ਮਈ ਨੂੰ ਸਰਕਾਰ ਮੁੜ ਬਣਨ 'ਤੇ ਹੀ ਸਾਰੇ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਆਉਣਗੇ।

ਮੋਦੀ ਨੇ ਹੁਸ਼ਿਆਰਪੁਰ ਵਿੱਚ ਪੰਜਾਬ 'ਚ ਪਹਿਲੀ ਲੋਕ ਸਭਾ ਰੈਲੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜ ਸਾਲ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ। ਪੰਜਾਬ ਆਉਣ ਤੋਂ ਪਹਿਲਾਂ ਹੀ ਮੋਦੀ ਨੇ 1984 ਸਿੱਖ ਕਤਲੇਆਮ ਤੇ ਕਰਤਾਰਪੁਰ ਮਸਲਿਆਂ 'ਤੇ ਹੀ ਕਾਂਗਰਸ ਖ਼ਿਲਾਫ਼ ਹਮਲਾਵਰ ਰੁਖ਼ ਅਖ਼ਤਿਆਰ ਕਰ ਲਿਆ ਸੀ।


ਨਰੇਂਦਰ ਮੋਦੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੇ ਵਿਸ਼ਵ ਵਿੱਚ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ। ਉਨ੍ਹਾਂ ਕਿਹਾ ਕਿ '84 ਦੰਗਾ ਪੀੜਤਾਂ ਨਾਲ ਇਨਸਾਫ ਨਹੀਂ ਹੋਇਆ ਪਰ ਚੁਰਾਸੀ ਕਤਲੇਆਮ ਲਈ ਇਹ ਕਹਿ ਰਹੇ ਹਨ ਕਿ ਜੋ ਹੂਆ ਸੋ ਹੂਆ।

ਉੱਧਰ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਰੈਲੀ ਵਿੱਚ ਪਹੁੰਚੇ ਤੇ ਮੋਦੀ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ। ਬਾਦਲ ਨੇ ਖ਼ਦਸ਼ਾ ਜਤਾਇਆ ਕਿ 19 ਮਈ ਨੂੰ ਕਾਂਗਰਸ ਲੋਕ ਸਭਾ ਚੋਣਾਂ ਪ੍ਰਭਾਵਿਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਐਮਰਜੈਂਸੀ ਸੀ ਮੋਦੀ ਸਿੱਖ ਬਣ ਕੇ ਪੰਜਾਬ ਵਿੱਚ ਰਹੇ ਤੇ ਮੈਂ ਇਨ੍ਹਾਂ ਨੂੰ ਸਰਦਾਰ ਮੋਦੀ ਕਹਿੰਦਾ ਹਾਂ।

ਉਨ੍ਹਾਂ ਕਿਹਾ ਕਿ ਮੋਦੀ ਗਰੀਬ ਪਰਿਵਾਰ 'ਚੋ ਉੱਠ ਕੇ ਆਏ ਹਨ। ਬਾਦਲ ਨੇ ਮੋਦੀ ਤੋਂ ਮੰਗ ਕੀਤੀ ਕਿ ਗਰੀਬਾਂ ਦਾ ਕੈਂਸਰ ਦਾ ਇਲਾਜ ਮੁਫ਼ਤ ਕਰ ਦਿਓ। ਮੋਦੀ ਨੇ ਬਠਿੰਡਾ ਤੇ ਗੁਰਦਾਸਪੁਰ ਵਿੱਚ ਵੀ ਚੋਣ ਰੈਲੀਆਂ ਕਰਨੀਆਂ ਹਨ ਪਰ ਬਾਦਲ ਨੇ ਉਨ੍ਹਾਂ ਨੂੰ ਕਿਹਾ ਕਿ ਜਲੰਧਰ, ਅੰਮ੍ਰਿਤਸਰ ਤੇ ਲੁਧਿਆਣਾ ਵੀ ਇੱਕ-ਇੱਕ ਦਿਨ ਦੇ ਦਿਓ।