ਰਮਨਦੀਪ ਕੌਰ ਦੀ ਰਿਪੋਰਟ

ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਨਿਰੰਤਰ ਜਾਰੀ ਹੈ। ਇਸ ਤਹਿਤ ਹੁਣ ਕਿਸਾਨ ਆਪਣੇ ਸੂਬਿਆਂ 'ਚੋਂ ਉੱਠ ਕੇ ਦਿੱਲੀ ਵੱਲ ਕੂਚ ਕਰ ਚੁੱਕੇ ਹਨ। ਜਿੱਥੇ ਵੱਡੀ ਗਿਣਤੀ ਕਿਸਾਨ ਦਿੱਲੀ ਪਹੁੰਚਣ 'ਚ ਸਫਲ ਵੀ ਰਹੇ ਹਨ। ਬੇਸ਼ੱਕ ਸਮੇਂ ਦੀ ਸਰਕਾਰ ਵੱਲੋਂ ਬੇਅੰਤ ਰੋਕਾਂ ਕਿਸਾਨਾਂ ਦੇ ਰਾਹ 'ਚ ਲਾਈਆਂ ਗਈਆਂ ਕਿ ਉਹ ਦਿੱਲੀ ਦੀ ਧਰਤੀ 'ਤੇ ਪੈਰ ਨਾ ਟਿਕਾ ਸਕਣ ਪਰ ਇਸ ਦੇ ਬਾਵਜੂਦ ਉਹ ਹਰ ਅੜਚਨ ਨੂੰ ਤੂਫਾਨ ਵਾਂਗ ਚੀਰਦਿਆਂ ਦਿੱਲੀ ਦਾਖਲ ਹੋਣ 'ਚ ਸਫਲ ਹੋਏ। ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਕ ਵਾਰ ਫਿਰ ਅੰਨਦਾਤਾ ਨੂੰ ਨਿਰਾਸ਼ ਕੀਤਾ ਹੈ।

ਕਿਸਾਨ ਅੰਦੋਲਨ 'ਤੇ ਮੋਦੀ ਦੀ ਚੁੱਪ

ਦੇਸ਼ ਦੀ ਅਗਵਾਈ ਕਰ ਰਹੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਿਸਾਨ ਮਸਲੇ 'ਤੇ ਚੁੱਪ ਵੱਟੀ ਬੈਠੇ ਹਨ। ਕਿਸਾਨਾਂ ਨੇ ਲੰਬਾ ਸੰਘਰਸ਼ ਛੇੜਿਆ ਹੋਇਆ ਹੈ ਪਰ ਪ੍ਰਧਾਨ ਮੰਤਰੀ ਦਾ ਰਵੱਈਆ ਇਸ ਤਰ੍ਹਾਂ ਜਿਵੇਂ ਉਹ ਸਭ ਕੁਝ ਜਾਣਦਿਆਂ ਵੀ ਅਣਜਾਣ ਬਣ ਰਹੇ ਹੋਣ। ਜਦੋਂ ਕਿਸਾਨਾਂ ਨੇ ਪੰਜਾਬ 'ਚ ਅੰਦੋਲਨ ਸ਼ੁਰੂ ਕੀਤਾ ਸੀ ਤਾਂ ਉਸ ਵੇਲੇ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਸੀ ਕਿ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਹੁਣ ਜਦੋਂ ਕਿਸਾਨ ਅੰਦੋਲਨ ਐਨੇ ਵੱਡੇ ਪੱਧਰ 'ਤੇ ਪਹੁੰਚ ਚੁੱਕਿਆ ਹੈ ਤਾਂ ਪ੍ਰਧਾਨ ਮੰਤਰੀ ਦੀ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ। ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਅਖਵਾਉਣ ਵਾਲੇ ਨਰੇਂਦਰ ਮੋਦੀ ਨੇ ਦਿੱਲੀ ਵੱਲ ਵਧੇ ਰਹੇ ਕਿਸਾਨਾਂ 'ਤੇ ਰਾਹ 'ਚ ਹੋਏ ਤਸ਼ੱਦਦ 'ਤੇ ਇਕ ਸ਼ਬਦ ਵੀ ਨਹੀਂ ਬੋਲਿਆ। ਹਰ ਨਿੱਕੀ ਗੱਲ 'ਤੇ ਟਵੀਟ ਰਾਹੀਂ ਸੰਚਾਰ ਕਰਨ ਵਾਲੇ ਪੀਐਮ ਤੋਂ ਕਿਸਾਨਾਂ ਲਈ ਦੋ ਬੋਲ ਵੀ ਨਹੀਂ ਸਰੇ।

ਮੁਸ਼ਕਿਲਾਂ ਨਾਲ ਲੋਹਾ ਲੈਂਦਿਆਂ ਦਿੱਲੀ ਪਹੁੰਚੇ ਕਿਸਾਨ

ਪਹਿਲਾਂ ਹਰਿਆਣਾ ਬਾਰਡਰ ਟੱਪਣਾ ਵੱਡੀ ਚੁਣੌਤੀ ਸੀ ਤੇ ਫਿਰ ਦਿੱਲੀ ਦੀ ਸਰਹੱਦ, ਜਿੱਥੇ ਵੱਡੀ ਗਿਣਤੀ ਪੁਲਿਸ ਫੋਰਸ ਤਾਇਨਾਤ ਸੀ। ਪਰ ਕਿਸਾਨ ਹਰ ਅੜਚਨ ਨਾਲ ਲੋਹਾ ਲੈਂਦਿਆਂ ਅੱਗੇ ਵਧਦੇ ਗਏ। ਇਸ ਦਰਮਿਆਨ ਠੰਡ ਦੀ ਰੁੱਤ 'ਚ ਕਿਸਾਨਾਂ 'ਤੇ ਪਾਣੀ ਦੀਆਂ ਬੌਛਾੜਾਂ ਕੀਤੀਆਂ ਗਈਆਂ। ਵੱਡੇ ਬੈਰੀਕੇਡ ਲਾਏ ਗਏ, ਚੱਟਾਨਾਂ ਵਰਗੇ ਪੱਥਰ ਰਾਹ 'ਚ ਰੱਖੇ ਗਏ, ਮਿੱਟੀ ਦੇ ਢੇਰ ਲਾਏ ਗਏ ਤੇ ਸੜਕਾਂ ਵਿਚਾਲੇ ਕਈ-ਕਈ ਫੁੱਟ ਡੂੰਘੇ ਟੋਏ ਪੱਟ ਦਿੱਤੇ ਗਏ ਤਾਂ ਜੋ ਕਿਸਾਨ ਅੱਗੇ ਨਾ ਲੰਘ ਸਕਣ। ਪਰ ਆਪਣੇ ਦ੍ਰਿੜ ਸੰਕਲਪ ਤਹਿਤ ਕਿਸਾਨਾਂ ਨੇ ਮਿੱਥਿਆ ਸੀ ਕਿ ਹਰ ਹਾਲ ਦਿੱਲੀ ਪਹੁੰਚ ਕੇ ਹੀ ਦਮ ਲੈਣਾ ਹੈ। ਦੇਸ਼ 'ਚ ਐਨੇ ਵੱਡੇ ਪੱਧਰ 'ਤੇ ਕੋਈ ਸੰਘਰਸ਼ ਹੋ ਰਿਹਾ ਹੋਵੇ ਤੇ ਦੇਸ਼ ਦੀ ਅਗਵਾਈ ਕਰਨ ਵਾਲੇ ਇਨਸਾਨ ਦਾ ਇੰਝ ਚੁੱਪ ਵੱਟਣਾ ਸੋਭਾ ਨਹੀਂ ਦਿੰਦਾ।

ਕੇਜਰੀਵਾਲ ਨੇ ਜਿੱਤਿਆ ਪੰਜਾਬੀਆਂ ਦਾ ਦਿਲ, ਖੁਦ ਰੱਖ ਰਹੇ ਕਿਸਾਨਾਂ ਦੇ ਪ੍ਰਬੰਧ ਦਾ ਖਿਆਲ

ਕਿਸਾਨਾਂ ਅੱਗੇ ਝੁਕੀ ਕੇਂਦਰ ਸਰਕਾਰ! ਕਿਸਾਨਾਂ ਨੂੰ ਕਿਹਾ ਅੰਦੋਲਨ ਛੱਡੋ, ਅਸੀਂ ਗੱਲਬਾਤ ਲਈ ਤਿਆਰ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ