ਅੰਮ੍ਰਿਤਸਰ: ਪੰਜਾਬ ਦੇ ਦੋ ਪ੍ਰਮੁੱਖ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਤੇ ਤਰਨ ਤਾਰਨ ਦੀ ਪੁਲਿਸ ਨੇ ਪਿਛਲੇ ਚਾਰ ਦਿਨਾਂ ਵਿੱਚ ਐਨਡੀਪੀਐਸ ਐਕਟ ਤਹਿਤ 94 ਕੇਸ ਦਰਜ ਕੀਤੇ ਹਨ ਤੇ 100 ਤਸਕਰਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਪੁਲਿਸ ਦੀ ਇਸ ਕਾਰਵਾਈ ਪਿੱਛੇ ਆਮ ਲੋਕਾਂ ਦਾ ਹੱਥ ਹੈ। ਲੋਕਾਂ ਨੇ ਪੁਲਿਸ ਨੂੰ ਤਸਕਰਾਂ ਵਿਰੁੱਧ ਜਾਣਕਾਰੀ ਦਿੱਤੀ ਤੇ ਗ੍ਰਿਫ਼ਤਾਰੀਆਂ ਕਰਵਾਉਣ ਵਿੱਚ ਮਦਦ ਕੀਤੀ।


ਤਰਨ ਤਾਰਨ ਦੇ ਸੀਨੀਅਰ ਪੁਲਿਸ ਕਪਤਾਨ ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਆਖ਼ਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਲਈ ਲੋਕ ਜਾਗਰੂਕ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਮ ਲੋਕਾਂ ਤੋਂ ਨਸ਼ਾ ਤਸਕਰਾਂ ਬਾਰੇ ਬਹੁਤ ਸਾਰੀ ਖੁਫ਼ੀਆ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਤੇ ਅਸੀਂ ਤੁਰੰਤ ਕਾਰਵਾਈ ਕਰ ਰਹੇ ਹਾਂ। ਐਸਐਸਪੀ ਨੇ ਲੋਕਾਂ ਦੀ ਇਸ ਜਾਗਰੂਕਤਾ ਲਈ ਸੋਸ਼ਲ ਮੀਡੀਆ 'ਤੇ ਛਿੜੀ ਮੁਹਿੰਮ ਨੂੰ ਵੀ ਜ਼ਿੰਮੇਵਾਰ ਦੱਸਿਆ।

ਪੁਲਿਸ ਨੇ ਦੱਸਿਆ ਕਿ ਇਸ ਦੌਰਾਨ 5400 ਤੋਂ ਵੱਧ ਦਵਾਈਆਂ, 600 ਤੋਂ ਵੱਧ ਟੀਕੇ ਤੇ ਬਗ਼ੈਰ ਮਾਅਰਕੇ ਦੀਆਂ 60 ਸ਼ੀਸ਼ੀਆਂ ਬਰਾਮਦ ਕੀਤੀਆਂ ਗਈਆਂ ਹਨ। ਐਸਐਪੀ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਬਾਅਦ ਦਾਅਵਾ ਕੀਤਾ ਕਿ ਇਨ੍ਹੀਂ ਦਿਨੀਂ ਨੌਜਵਾਨਾਂ ਦੀਆਂ ਮੌਤਾਂ ਦਾ ਕਾਰਨ 'ਜਾਅਲੀ ਹੈਰੋਇਨ' ਹੈ, ਜਿਸ ਨੂੰ ਨਸ਼ਾ ਤਸਕਰ ਵੱਖ-ਵੱਖ ਦਵਾਈਆਂ ਨੂੰ ਮਿਲਾ ਕੇ ਤਿਆਰ ਕਰਦੇ ਹਨ ਜੋ ਸ਼ਰੀਰ ਵਿੱਚ ਦਾਖ਼ਲ ਹੁੰਦਿਆਂ ਸਾਰ ਹੀ ਮੌਤ ਦਾ ਕਾਰਨ ਬਣਦੀ ਹੈ।

ਅੰਮ੍ਰਿਤਸਰ ਦੇ ਐਸਐਸਪੀ ਪਰਮਪਾਲ ਸਿੰਘ ਨੇ ਦਾਅਵਾ ਕੀਤਾ ਕਿ ਪਿਛਲੇ ਹਫ਼ਤੇ ਦੌਰਾਨ ਨਸ਼ੇ ਦੇ ਆਦੀ ਹੋਏ 265 ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀ ਜ਼ਿਲ੍ਹੇ ਦੇ ਸਾਰੇ ਦਵਾਈ ਵਿਕਰੇਤਾਵਾਂ ਨਾਲ ਬੈਠਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੈਲਪਲਾਈਨ ਨੰਬਰ (98882-00062) ਰਾਹੀਂ ਲੋਕਾਂ ਕੋਲੋਂ ਕਾਫੀ ਖੁਫ਼ੀਆ ਜਾਣਕਾਰੀ ਪ੍ਰਾਪਤ ਹੋ ਰਹੀ ਹੈ।