ਅੰਮ੍ਰਿਤਸਰ: ਜ਼ਿਲ੍ਹਾ ਪੁਲਿਸ ਨੇ ਇੱਕ ਐਸੇ ਸ਼ਾਤਿਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਆਪਣੇ ਆਪ ਨੂੰ ਆਈ.ਪੀ.ਐਸ. ਅਧਿਕਾਰੀ ਦੱਸ ਕੇ ਪੁਲਿਸ ਮੁਲਾਜ਼ਮਾਂ ਦੀਆਂ ਤਰੱਕੀਆਂ ਕਰਵਾਉਣ ਲਈ ਉਨ੍ਹਾਂ ਕੋਲੋਂ ਮੋਟੀ ਰਕਮ ਠੱਗਦਾ ਸੀ। ਇਹ ਜਾਅਲੀ ਪੁਲਿਸ ਅਫਸਰ ਬਾਅਦ ਵਿੱਚ ਉਨ੍ਹਾਂ ਨੂੰ ਧਮਕੀਆਂ ਵੀ ਦਿੰਦਾ ਸੀ। ਇਸ ਸ਼ਾਤਿਰ ਦਾ ਨਾਮ ਪ੍ਰਵੀਨ ਕੁਮਾਰ ਸੱਭਰਵਾਲ ਹੈ ਤੇ ਇਸ ਖਿਲਾਫ ਪਹਿਲਾਂ ਵੀ ਕਈ ਅਜਿਹੇ ਮਾਮਲੇ ਦਰਜ ਹਨ।
ਅੰਮ੍ਰਿਤਸਰ ਏਡੀਸੀਪੀ-1 ਨੇ ਦੱਸਿਆ ਕਿ ਗ੍ਰਿਫ਼ਤਾਰ ਪ੍ਰਵੀਨ ਸੱਭਰਵਾਲ ਨੇ ਵਿਜੇ ਨਗਰ ਪੁਲਿਸ ਚੌਕੀ ਵਿੱਚ ਤਾਇਨਾਤ ਹੌਲਦਾਰ ਸਰਵਣ ਸਿੰਘ ਨੂੰ ਆਪਣੀ ਪਛਾਣ ਦੱਸੀ ਕਿ ਉਹ ਆਈ.ਪੀ.ਐਸ. ਅਧਿਕਾਰੀ ਹੈ। ਮਨਿਸਟਰੀ ਆਫ ਹੋਮ ਦਿੱਲੀ ਵਿੱਚ ਡੀ.ਆਈ.ਜੀ ਦੇ ਅਹੁਦੇ 'ਤੇ ਤਾਇਨਾਤ ਹੈ। ਪਹਿਲਾਂ ਉਸ ਨੇ ਸਰਵਣ ਸਿੰਘ ਕੋਲੋਂ ਉਸ ਨੂੰ ਮੁੱਖ ਮੁਨਸ਼ੀ ਲਵਾਉਣ ਲਈ 15,000 ਰੁਪਏ ਲਏ। ਬਾਅਦ ਵਿੱਚ ਉਸ ਨੂੰ ਏ.ਐਸ.ਆਈ. ਪ੍ਰਮੋਟ ਕਰਵਾਉਣ ਲਈ ਡੇਢ ਲੱਖ ਰੁਪਏ ਦੇਣ ਦੀ ਮੰਗ ਕੀਤੀ।
ਜਦੋਂ ਸਰਵਣ ਸਿੰਘ ਨੇ ਉਸ ਨੂੰ ਰੁਪਏ ਦੇਣ ਤੋਂ ਇਨਕਾਰ ਕੀਤਾ ਤਾਂ ਇਸ ਨਕਲੀ ਆਈ.ਪੀ.ਐਸ. ਅਧਿਕਾਰੀ ਨੇ ਸਰਵਣ ਸਿੰਘ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਪੁਲਿਸ ਨੇ ਸਰਵਣ ਸਿੰਘ ਦੀ ਸ਼ਿਕਾਇਤ ਤੇ ਉਸ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਉਕਤ ਨਕਲੀ ਅਧਿਕਾਰੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਨਕਲੀ ਪੁਲਿਸ ਅਧਿਕਾਰੀ ਵੱਲੋਂ ਹੋਰ ਕਿਸ-ਕਿਸ ਨਾਲ ਇਸ ਤਰੀਕੇ ਦੀਆਂ ਠੱਗੀਆਂ ਮਾਰੀਆਂ ਗਈਆਂ ਹਨ, ਇਸ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।