ਅੰਮ੍ਰਿਤਸਰ: ਪਿਛਲੇ ਕਈ ਸਾਲਾਂ ਤੋਂ ਅੰਮ੍ਰਿਤਸਰ ਦੇ ਭਗਤਾਂ ਵਾਲਾ 'ਚ ਬਣੇ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਵਿਰੋਧ ਕਰ ਰਹੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਸਾਬਕਾ ਕਾਂਗਰਸੀ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਤੇ ਹਲਕਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇੰਦਰਬੀਰ ਸਿੰਘ ਨਿੱਜਰ ਇੱਕਠੇ ਹੀ ਧਰਨੇ 'ਤੇ ਬੈਠ ਗਏ।       ਸੁਖਬੀਰ ਵੱਲੋਂ ਅੱਜ ਇਸ ਪਲਾਂਟ ਦਾ ਉਦਘਾਟਨ ਕੀਤਾ ਜਾਣਾ ਸੀ। ਇਸ ਦੇ ਵਿਰੋਧ ਵਿੱਚ ਪ੍ਰਦਰਸ਼ਨਕਾਰੀ ਅੰਮ੍ਰਿਤਸਰ-ਤਰਨ ਤਾਰਨ ਰੋਡ 'ਤੇ ਧਰਨੇ 'ਤੇ ਬੈਠੇ ਸਨ। ਪੁਲਿਸ ਨੇ ਸੁਖਬੀਰ ਦੇ ਉੱਥੇ ਪੁੱਜਣ ਤੋਂ ਪਹਿਲਾਂ ਹੀ ਸਭ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਲਾਉਣ ਦਾ ਵਿਰੋਧ ਸਭ ਤੋਂ ਪਹਿਲਾਂ ਅਕਾਲੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ।         ਅੱਜ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਇਸ ਪਲਾਂਟ ਦਾ ਰਸਮੀ ਉਦਘਾਟਨ ਕਰਨ ਲਈ ਅੰਮ੍ਰਿਤਸਰ ਆ ਰਹੇ ਹਨ। ਹਾਲਾਂਕਿ ਸੁਖਬੀਰ ਵੱਲੋਂ ਇਸ ਦਾ ਉਦਘਾਟਨ ਅੰਮ੍ਰਿਤਸਰ ਨਗਰ ਨਿਗਮ ਦੀ ਨਵੀਂ ਬਣੀ ਇਮਾਰਤ ਵਿੱਚ ਹੀ ਕੀਤਾ ਜਾਣਾ ਹੈ ਪਰ ਸੁਖਬੀਰ ਦੀ ਫੇਰੀ ਤੋਂ ਪਹਿਲਾਂ ਇਹ ਸਾਰੇ ਲੀਡਰ ਧਰਨੇ 'ਤੇ ਬੈਠ ਗਏ। ਪੁਲਿਸ ਨੇ ਸੁਖਬੀਰ ਦੇ ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।