ਚੰਡੀਗੜ੍ਹ: ਦਸੰਬਰ 2017 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਹੋਰਨਾਂ ਵੱਡੇ ਲੀਡਰਾਂ ਖ਼ਿਲਾਫ਼ ਪੰਜਾਬ ਦੇ ਕੌਮੀ ਸ਼ਾਹਰਾਹਾਂ ਸਮੇਤ ਜ਼ਿਆਦਾਤਰ ਸੜਕੀ ਮਾਰਗ ਬੰਦ ਕਰਨ ਦੇ ਇਲਜ਼ਾਮ ਹੇਠ ਦਰਜ ਕੇਸਾਂ 'ਤੇ ਪੁਲਿਸ ਕਾਰਵਾਈ ਅੱਗੇ ਵਧ ਰਹੀ ਹੈ। ਇਨ੍ਹਾਂ ਕੇਸਾਂ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਰਣਜੀਤ ਸਿੰਘ ਬ੍ਰਹਮਪੁਰਾ ਸਮੇਤ ਹੋਰ ਅਕਾਲੀ ਲੀਡਰਾਂ ਦੇ ਨਾਂ ਬਤੌਰ ਮੁਲਜ਼ਮ ਦਰਜ ਹਨ ਤੇ ਪੁਲਿਸ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੂਰੀ ਵਾਹ ਲਾ ਰਹੀ ਹੈ।


ਉਕਤ ਖ਼ੁਲਾਸਾ ਸੂਚਨਾ ਅਧਿਕਾਰ ਕਾਨੂੰਨ ਤਹਿਤ ਮੰਗੀ ਜਾਣਕਾਰੀ ਵਿੱਚ ਹੋਇਆ ਹੈ। ਨਵਾਂ ਸ਼ਹਿਰ ਦੇ ਸਮਾਜਿਕ ਕਾਰਕੁਨ ਪਰਵਿੰਦਰ ਸਿੰਘ ਕਿੱਤਣਾ ਵੱਲੋਂ ਦਾਖ਼ਲ ਕੀਤੀ ਆਰਟੀਆਈ ਵਿੱਚ ਸਾਹਮਣੇ ਆਇਆ ਹੈ ਕਿ ਪੁਲਿਸ ਪਿਛਲੇ ਇੱਕ ਸਾਲ ਤੋਂ ਇਨ੍ਹਾਂ ਲੀਡਰਾਂ ਖ਼ਿਲਾਫ਼ ਜਾਂਚ ਕਰ ਰਹੀ ਹੈ, ਪਰ ਕੋਈ ਜ਼ਿਆਦਾ ਸਫ਼ਲਤਾ ਹੱਥ ਨਹੀਂ ਲੱਗੀ। ਦਸੰਬਰ 2017 ਵਿੱਚ ਅਕਾਲੀਆਂ ਦੇ ਧਰਨੇ ਸਬੰਧੀ ਹੋਰਾਂ ਸਣੇ ਸੁਖਬੀਰ ਬਾਦਲ ਤੇ ਮਜੀਠੀਆ ਖ਼ਿਲਾਫ਼ ਮਖੂ ਥਾਣੇ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ ਤੇ ਜ਼ਿਲ੍ਹਿਆਂ ਵਿੱਚ ਵੀ ਵੱਡੇ ਆਗੂਆਂ ਖ਼ਿਲਾਫ਼ ਐਫਆਈਆਰ ਹੋਈ ਸੀ।

ਆਰਟੀਆਈ 'ਚ ਪੁਲਿਸ ਨੇ ਮੰਨਿਆ ਹੈ ਕਿ ਬਹੁਤੇ ਮਾਮਲੇ ਅਜਿਹੇ ਹਨ, ਜਿਨ੍ਹਾਂ ਵਿੱਚ ਦਰਜ ਧਾਰਾਵਾਂ ਤਹਿਤ ਗ੍ਰਿਫ਼ਤਾਰੀਆਂ ਹੋਣੀਆਂ ਚਾਹੀਦੀਆਂ ਹਨ। ਹਾਲਾਂਕਿ ਜ਼ਮਾਨਤ ਦੇਣਾ ਅਦਾਲਤ 'ਤੇ ਨਿਰਭਰ ਕਰਦਾ ਹੈ, ਪਰ ਇਨ੍ਹਾਂ ਵਿੱਚੋਂ ਕਿਸੇ ਨੇ ਵੀ ਜ਼ਮਾਨਤ ਲਈ ਅਰਜ਼ੀ ਨਹੀਂ ਲਾਈ। ਆਰਟੀਆਈ ਮੁਤਾਬਕ ਪੁਲਿਸ ‘ਗ੍ਰਿਫ਼ਤਾਰੀ ਲਈ ਯਤਨ ਕਰ ਰਹੀ ਹੈ’ ਜਾਂ ਕਈ ਮਾਮਲਿਆਂ ਦੀ ‘ਜਾਂਚ ਕੀਤੀ ਜਾ ਰਹੀ ਹੈ’।

ਤਰਨ ਤਾਰਨ ਦੇ ਐਸਐਸਪੀ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਇਸ ਇਲਾਕੇ ਵਿਚ ਦਰਜ ਐਫਆਈਆਰ ’ਚ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ ਤੇ ਹੋਰ ਆਗੂਆਂ ਦਾ ਨਾਂ ਦਰਜ ਹੈ। ਵਿਧਾਇਕ ਦੇਸ ਰਾਜ ਧੁੱਗਾ, ਪਵਨ ਕੁਮਾਰ ਟੀਨੂੰ, ਆਗੂ ਬਲਦੇਵ ਸਿੰਘ ਖੈਰਾ, ਸਤਪਾਲ ਮੱਲ, ਗੁਰਪ੍ਰਤਾਪ ਵਡਾਲਾ ਨੂੰ ‘ਗ੍ਰਿਫ਼ਤਾਰ ਕਰਨ ਦੇ ਯਤਨ’ ਵੀ ਪੁਲਿਸ ਕਰ ਰਹੀ ਹੈ ਪਰ ਪੁਲਿਸ ਨੇ ਹਾਲੇ ਤਕ ਚਾਰਜਸ਼ੀਟ ਤਕ ਦਾਖ਼ਲ ਨਹੀਂ ਕੀਤੀ।