ਅੰਮ੍ਰਿਤਸਰ: ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਦੋ ਦਿਨਾਂ ਦੇ ਵਿੱਚ-ਵਿੱਚ ਸੁਲਝਾਉਣ ਦਾ ਦਾਅਵਾ ਕਰਦਿਆਂ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਮੌਤ ਸਮੂਹਕ ਕੁੱਟਮਾਰ ਦਾ ਨਤੀਜਾ ਹੈ ਤੇ ਆਪਣਾ ਜੁਰਮ ਲੁਕਾਉਣ ਲਈ ਚਾਰਾਂ ਮੁਲਜ਼ਮਾਂ ਨੇ ਲਾਸ਼ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਐਸ.ਐਸ. ਸ੍ਰੀਵਾਸਤਵ ਨੇ ਦੱਸਿਆ ਕਿ ਪੁਲਿਸ ਨੂੰ ਦੋ ਦਿਨ ਪਹਿਲਾਂ 12 ਜੁਲਾਈ ਨੂੰ ਥਾਣਾ ਬੀੜ ਵਿਜ਼ਨ ਦੇ ਨੇੜਿਉਂ ਇੱਕ ਲਾਸ਼ ਮਿਲੀ ਸੀ, ਜਿਸ ਦੀ ਹਾਲਤ ਕਾਫੀ ਖਰਾਬ ਸੀ। ਲਾਸ਼ ਉਤੇ ਉਸ ਦੇ ਸੱਟਾਂ ਦੇ ਕਈ ਨਿਸ਼ਾਨ ਸਨ। ਉਨ੍ਹਾਂ ਦੱਸਿਆ ਕਿ ਤਫਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਸ ਵਿਅਕਤੀ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਤੇ ਇਹ ਆਪਣਾ ਰਸਤਾ ਭਟਕ ਕੇ ਸ਼ਹੀਦ ਊਧਮ ਸਿੰਘ ਨਗਰ ਦੇ ਇਲਾਕੇ ਵਿੱਚ ਆ ਗਿਆ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਇਸ ਨੂੰ ਫੜ ਲਿਆ ਅਤੇ ਇਸ ਦੀ ਮਾਰਕੁੱਟ ਕੀਤੀ। ਕੁੱਟ ਨਾ ਸਹਾਰਦਿਆਂ ਉਕਤ ਵਿਅਕਤੀ ਦੀ ਮੌਤ ਹੋ ਗਈ ਅਤੇ ਇਸ ਦੀ ਲਾਸ਼ ਨੂੰ ਖੁਰਦਬੁਰਦ ਕਰਨ ਲਈ ਬੀੜ ਵਿਜ਼ਨ ਥਾਣੇ ਦੇ ਏਰੀਆ ਵਿੱਚ ਸਿਰ ਦਿੱਤਾ ਇਸ ਇਸ ਮ੍ਰਿਤਕ ਦੀ ਪਛਾਣ ਹੈਪੀ ਵਾਸੀ ਪੌੜੀ ਵਜੋਂ ਹੋਈ ਹੈ। ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਲੱਗਾ ਕਿ ਇਹ ਅਣਜਾਣ ਵਿਅਕਤੀ ਇਸ ਇਲਾਕੇ ਵਿੱਚ ਕੋਈ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ ਇਸ ਕਾਰਨ ਉਨ੍ਹਾਂ ਨੇ ਇਸ ਨਾਲ ਮਾਰਕੁੱਟ ਕੀਤੀ। ਪਰ ਇਸ ਦੌਰਾਨ ਹੈਪੀ ਦੀ ਮੌਤ ਹੋ ਗਈ। ਪੁਲਿਸ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਇਨ੍ਹਾਂ ਨੂੰ ਪੁਲਿਸ ਰਿਮਾਂਡ ਤੇ ਭੇਜ ਦਿੱਤਾ।