ਐਸਟੀਐੱਫ ਦੇ ਆਈਜੀ ਸਨੇਹਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਅਮਨਦੀਪ ਸਿੰਘ ਉਰਫ਼ ਮੋਲੀ ਅਤੇ ਵਿਕਾਸ ਕੁਮਾਰ ਉਰਫ ਲਾਰਾ ਨੂੰ ਚੰਡੀਗੜ੍ਹ ਰੋਡ ਤੋਂ ਸੈਕਟਰ-39 ਤੋਂ ਹੈਰੋਇਨ ਤੇ ਆਈ-20 ਕਾਰ ਸਮੇਤ ਕਾਬੂ ਕੀਤਾ ਸੀ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਇਹ ਨਸ਼ਾ ਗਗਨਦੀਪ ਸਿੰਘ ਉਰਫ ਗੱਗੀ ਕੋਲੋਂ ਖਰੀਦਦੇ ਹਨ।
ਆਈਜੀ ਨੇ ਅੱਗੇ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ਨੇ ਪੁਲਿਸ ਨੇ ਥਾਣਾ ਸਦਰ ਖੰਨਾ ਵਿੱਚ ਬਤੌਰ ਮੁੱਖ ਮੁਨਸ਼ੀ ਤਾਇਨਾਤ ਹੌਲਦਾਰ ਗਗਨਦੀਪ ਸਿੰਘ ਉਰਫ ਗੱਗੀ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਥਾਣੇ ਨੇੜੇ ਖੜ੍ਹੀ ਉਸ ਦੀ ਆਈ-10 ਕਾਰ ਵਿੱਚੋਂ 385 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਹੈਰੋਇਨ ਨਾਈਜੀਰੀਅਨਾਂ ਕੋਲੋਂ ਦਿੱਲੀ ਤੋਂ ਲਈ ਜਾਂਦੀ ਸੀ। ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ।