ਨਵੀਂ ਦਿੱਲੀ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਚੁੱਕੇ ਸੁਨੀਲ ਜਾਖੜ ਹੁਣ ਸੋਨੀਆ ਗਾਂਧੀ ਕੋਲ ਜਾਣਗੇ। ਜਾਖੜ ਨੇ ਲੋਕ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ, ਜੋ ਹਾਲੇ ਤਕ ਪ੍ਰਵਾਨ ਨਹੀਂ ਹੋਇਆ। ਜੇਕਰ ਜਾਖੜ ਦਾ ਅਸਤੀਫ਼ਾ ਪ੍ਰਵਾਨ ਹੋ ਜਾਂਦਾ ਹੈ ਤਾਂ ਵੱਡਾ ਸਵਾਲ ਇਹ ਹੋਵੇਗਾ ਕਿ ਪੰਜਾਬ ਕਾਂਗਰਸ ਦੀ ਕਮਾਨ ਕਿਸ ਦੇ ਹੱਥ ਆਵੇਗੀ।

ਗੁਰਦਾਸਪੁਰ ਤੋਂ ਚੋਣ ਮੈਦਾਨ ਵਿੱਚ ਜਾਖੜ ਦੇ ਸਾਹਮਣੇ ਭਾਜਪਾ ਨੇਤਾ ਤੇ ਉੱਘੇ ਫ਼ਿਲਮੀ ਕਲਾਕਾਰ ਸੰਨੀ ਦਿਓਲ ਸਨ। ਜਾਖੜ ਨੂੰ ਸੰਨੀ ਦਿਓਲ ਹੱਥੋਂ ਵੱਡੇ ਫਰਕ ਨਾਲ ਹਾਰ ਮਿਲੀ ਸੀ। ਇਸ ਹਾਰ ਤੋਂ ਬਾਅਦ ਜਾਖੜ ਨੇ ਕਾਂਗਰਸ ਦੀ ਪ੍ਰਧਾਨਗੀ ਛੱਡਣ ਦਾ ਫੈਸਲਾ ਕਰ ਲਿਆ ਸੀ। ਹਾਲਾਂਕਿ, ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰਨਾਂ ਨੇ ਜਾਖੜ ਦੇ ਫੈਸਲੇ ਨਾਲ ਸਹਿਮਤੀ ਨਹੀਂ ਸੀ ਦਿੱਤੀ।

ਉੱਧਰ, ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਕਰਾਰੀ ਹਾਰ ਮਗਰੋਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੀ ਆਪਣੇ ਅਸਤੀਫ਼ੇ ਦਾ ਐਲਾਨ ਕਰ ਚੁੱਕੇ ਸਨ। ਰਾਹੁਲ ਦੀ ਜ਼ਿਦ ਅੱਗੇ ਝੁਕਦਿਆਂ ਤਕਰੀਬਨ ਢਾਈ ਮਹੀਨਿਆਂ ਮਗਰੋਂ ਹੁਣ ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਨੂੰ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਲਾ ਦਿੱਤਾ ਗਿਆ ਹੈ। ਹੁਣ ਜਾਖੜ ਨੇ ਸੋਨੀਆ ਗਾਂਧੀ ਨੂੰ ਆਪਣਾ ਅਸਤੀਫ਼ਾ ਭੇਜਣ ਦਾ ਫੈਸਲਾ ਕਰ ਲਿਆ ਹੈ।