ਪਟਿਆਲਾ: ਅਪਰੈਲ ਮਹੀਨੇ ਦੇ ਬਹੁਚਰਚਿਤ ਜਲੰਧਰ ਦੇ ਪਾਦਰੀ ਐਂਥਨੀ ਦੇ ਕਰੋੜਾਂ ਰੁਪਏ ਲੈ ਕੇ ਰਫੂਚੱਕਰ ਹੋਣ ਵਾਲੇ ਚਾਰ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਚਾਰਾਂ ਖ਼ਿਲਾਫ਼ ਵਿਭਾਗੀ ਪੜਤਾਲ ਕੀਤੀ ਗਈ ਸੀ, ਜਿਸ ਤੋਂ ਬਾਅਦ ਚਾਰਾਂ ਨੂੰ ਵਿਭਾਗ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ।


ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਾਜ਼ਮ ਕੇਂਦਰੀ ਜੇਲ੍ਹ ਪਟਿਆਲਾ 'ਚ ਤਾਇਨਾਤ ਸਨ। ਬਰਖਾਸਤ ਕੀਤੇ ਗਏ ਮੁਲਾਜ਼ਮ ਏਐਸਆਈ ਜੋਗਿੰਦਰ ਸਿੰਘ, ਏਐੱਸਆਈ ਰਾਜਦੀਪ ਸਿੰਘ, ਏਐੱਸਆਈ ਦਿਲਬਾਗ ਸਿੰਘ ਤੇ ਹੌਲਦਾਰ ਅਮਰੀਕ ਸਿੰਘ ਹਨ। ਉਨ੍ਹਾਂ ਖ਼ਿਲਾਫ਼ ਅਪਰਾਧਿਕ ਮੁਕੱਦਮਾ ਵੀ ਜਾਰੀ ਹੈ। ਪੁਲਿਸ ਨੇ ਇਨ੍ਹਾਂ ਤੋਂ ਵੱਡੀ ਮਾਤਰਾ ਵਿੱਚ ਪਾਦਰੀ ਤੋਂ ਹੜੱਪੇ ਪੈਸੇ ਵੀ ਬਰਾਮਦ ਕੀਤੇ ਸਨ, ਪਰ ਹਾਲੇ ਤਕ ਰਿਕਰਵਰੀ ਪੂਰੀ ਨਹੀਂ ਹੋਈ ਹੈ।

ਜਲੰਧਰ ਦੇ ਪਾਦਰੀ ਐਂਥੋਨੀ ਮੈਡਾਸਰੀ ਤੋਂ ਤਕਰੀਨ 16 ਕਰੋੜ ਰੁਪਏ ਦੀ ਲੁੱਟ ਮਾਮਲੇ 'ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਏਐੱਸਆਈ ਜੋਗਿੰਦਰ ਸਿੰਘ, ਏਐੱਸਆਈ ਰਾਜਦੀਪ ਸਿੰਘ, ਏਐੱਸਆਈ ਦਿਲਬਾਗ ਸਿੰਘ ਤੇ ਹੌਲਦਾਰ ਅਮਰੀਕ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਟੀਮ ਵੱਲੋਂ ਉਕਤ ਵਿਅਕਤੀਆਂ ਦੇ ਘਰਾਂ ਤੇ ਪਲਾਟਾਂ ਦੀ ਛਾਪੇਮਾਰੀ ਦੌਰਾਨ ਪਾਦਰੀ ਤੋਂ ਲੁੱਟੀ ਕਰੋੜਾਂ ਰੁਪਿਆਂ ਦੀ ਨਕਦੀ ਬਰਾਮਦ ਕੀਤੀ ਗਈ ਸੀ। ਪੁਲਿਸ ਵਿਭਾਗ ਵੱਲੋਂ ਉਕਤ ਵਿਅਕਤੀਆਂ ਦੀ ਉਸੇ ਦਿਨ ਤੋਂ ਵਿਭਾਗੀ ਜਾਂਚ ਕੀਤੀ ਜਾ ਰਹੀ ਸੀ। ਜਾਂਚ ਦੌਰਾਨ ਦੋਸ਼ੀ ਪਾਏ ਜਾਣ 'ਤੇ ਐੱਸਐਸਪੀ ਮਨਦੀਪ ਸਿੰਘ ਸਿੱਧੂ ਨੇ ਚਾਰਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।