ਅੰਮ੍ਰਿਤਸਰ: ਅੱਜ ਤੜਕਸਾਰ ਪਿੰਡ ਬੱਲੜਵਾਲ ਤੋਂ ਅੰਮ੍ਰਿਤਸਰ ਆਪਣੀ ਡਿਊਟੀ 'ਤੇ ਜਾ ਰਹੇ ਇੱਕ ਪੁਲਿਸ ਮੁਲਾਜ਼ਮ ਦੀ ਪਿੰਡ ਉਘਰ ਔਲਖ ਨੇੜੇ ਇੱਕ ਖੜ੍ਹੀ ਹੋਈ ਟਰਾਲੀ ਵਿੱਚ ਵੱਜਣ ਨਾਲ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬਾਊ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸਵੇਰੇ ਆਪਣੇ ਡਿਊਟੀ 'ਤੇ ਅੰਮ੍ਰਿਤਸਰ ਜਾਣ ਲਈ ਘਰੋਂ ਗਿਆ ਸੀ ਜਦ ਕਿ ਪਿੰਡ ਉਘਰ ਔਲਖ ਨੇੜੇ ਖੜ੍ਹੀ ਰੇਤੇ ਦੀ ਟਰਾਲੀ ਵਿੱਚ ਵੱਜਣ ਨਾਲ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਥਾਣਾ ਮੁਖੀ ਅਜਨਾਲਾ ਪਰਮਵੀਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਅਜਨਾਲਾ ਵਿਖੇ ਭੇਜ ਦਿੱਤਾ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸੜਕ ਉਪਰ ਚੱਲਦੀਆਂ ਜਾਂ ਖੜ੍ਹੀਆਂ ਓਵਰਲੋਡ ਟਰਾਲੀਆਂ ਨਾਲ ਕਈ ਪ੍ਰਕਾਰ ਦੀਆਂ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ ਤੇ ਜਿਨ੍ਹਾਂ ਵਿੱਚ ਮੌਤਾਂ ਹੋਣ ਦੀਆਂ ਖ਼ਬਰਾਂ ਆਏ ਦਿਨ ਸੁਨਣ ਨੂੰ ਮਿਲਦੀਆਂ ਹਨ ਪਰ ਪ੍ਰਸ਼ਾਸ਼ਨ ਵੱਲੋਂ ਸੜਕਾਂ ਉੱਪਰ ਓਵਰਲੋਡ ਟਰਾਲੀਆਂ ਨੂੰ ਹਟਾਉਣ ਲਈ ਕੋਈ ਠੋਸ ਕੋਸ਼ਿਸ਼ ਨਹੀਂ ਕੀਤੀ ਜਾਂਦੀ।