ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਤੇ ਕਰਤਾਰਪੁਰ ਲਾਂਘੇ 'ਤੇ ਸਿਆਸਤ ਸਿਖਰਾਂ 'ਤੇ ਹੈ। ਅੱਜ ਆਮ ਆਦਮੀ ਪਾਰਟੀ (ਆਪ) ਪੰਜਾਬ ਵੀ ਇਸ ਵਿੱਚ ਕੁੱਦ ਪਈ। 'ਆਪ' ਨੇ ਇਲਜ਼ਾਮ ਲਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬਾਦਲ ਪਰਿਵਾਰ, ਸ਼੍ਰੋਮਣੀ ਕਮੇਟੀ ਤੇ ਕੇਂਦਰ ਦੀ ਮੋਦੀ ਸਰਕਾਰ 550ਵੇਂ ਪ੍ਰਕਾਸ਼ ਪੁਰਬ ਤੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਆਪਣੇ ਆਪਣੇ ਨਿੱਜੀ ਤੇ ਸਿਆਸੀ ਹਿੱਤਾਂ ਲਈ ਹਲਕੀ ਸਿਆਸਤ ਕਰ ਰਹੇ ਹਨ।


ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਦੁਆਬੇ ਨਾਲ ਸਬੰਧਤ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਤੇ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਨੂੰ ਮਨਾਉਣ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੇ ਬਾਦਲ ਪਰਿਵਾਰ ਦੀ ਸਰਪ੍ਰਸਤੀ ਵਾਲੀ ਐਸਜੀਪੀਸੀ ਜਿਸ 'ਚੌਧਰ' ਦੀ ਲੜਾਈ ਲੜ ਰਹੇ ਹਨ ਜਿਸ ਨਾਲ ਦੁਨੀਆ ਭਰ ਵੱਸਦੀ 'ਨਾਨਕ ਨਾਮ ਲੇਵਾ ਸੰਗਤ' ਪੰਜਾਬੀਅਤ ਤੇ ਪੰਥਕ ਪਰੰਪਰਾਵਾਂ ਤੇ ਮਰਿਆਦਾ ਨੂੰ ਠੇਸ ਪਹੁੰਚ ਰਹੀ ਹੈ।

ਚੀਮਾ ਨੇ ਬਾਦਲ ਪਰਿਵਾਰ 'ਤੇ ਸ਼੍ਰੋਮਣੀ ਕਮੇਟੀ ਨੂੰ 'ਪੰਥਕ ਹਥਿਆਰ' ਵਾਂਗ ਵਰਤਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ 'ਚੌਧਰ' ਦੀ ਇਸ ਲੜਾਈ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਵੀ ਢਾਹ ਲੱਗ ਰਹੀ ਹੈ। ਚੀਮਾ ਨੇ ਕਿਹਾ ਕਿ ਸ਼ਾਇਦ ਇਹ ਦੋਵੇਂ ਧਿਰਾਂ ਭੁੱਲ ਗਈਆਂ ਹਨ ਕਿ ਪੂਰੀ ਦੁਨੀਆ ਦੀ ਨਜ਼ਰ ਇਸ ਸਮੇਂ ਪੰਜਾਬ 'ਤੇ ਹੈ ਤੇ ਇਤਿਹਾਸ ਦੇ ਪੰਨਿਆਂ 'ਤੇ ਇਨ੍ਹਾਂ ਕੈਪਟਨ ਤੇ ਬਾਦਲਾਂ ਦਾ ਨਾਮ ਇੱਕ ਕਾਲੇ ਧੱਬੇ ਦੀ ਤਰ੍ਹਾਂ ਦਰਜ ਹੋਵੇਗਾ।

ਚੀਮਾ ਨੇ ਕੈਪਟਨ ਸਰਕਾਰ, ਸ਼੍ਰੋਮਣੀ ਕਮੇਟੀ ਤੇ ਹੋਰ ਸਾਰੀਆਂ ਸਿਆਸੀ ਤੇ ਧਾਰਮਿਕ-ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਕਾਸ਼ ਪੁਰਬ ਦੇ ਪਵਿੱਤਰ ਜਸ਼ਨਾਂ ਨੂੰ ਇੱਕ ਮੰਚ 'ਤੇ ਇੱਕਜੁੱਟ, ਇਕਸੁਰ ਤੇ ਇੱਕਮਤ ਹੋ ਕੇ ਮਨਾਉਣ ਦੀ ਅਪੀਲ ਕੀਤੀ ਤਾਂ ਕਿ ਪੂਰੀ ਦੁਨੀਆ ਤੱਕ 'ਬਾਬੇ ਨਾਨਕ' ਤੇ 'ਸਰਬੱਤ ਦੇ ਭਲੇ' ਵਾਲੇ ਸਾਰਥਿਕ ਸੰਦੇਸ਼ਾਂ ਨੂੰ ਸਫਲਤਾ ਪੂਰਵਕ ਪਹੁੰਚਾਇਆ ਜਾ ਸਕੇ।

ਕੁਲਦੀਪ ਸਿੰਘ ਧਾਲੀਵਾਲ, ਜੈ ਕ੍ਰਿਸ਼ਨ ਸਿੰਘ ਰੋੜੀ ਤੇ ਕੁਲਦੀਪ ਸਿੰਘ ਧਾਲੀਵਾਲ ਨੇ ਮੋਦੀ ਸਰਕਾਰ ਵੱਲੋਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਇੱਕ ਪੈਸਾ ਵੀ ਜਾਰੀ ਨਹੀਂ ਕੀਤਾ ਜਦਕਿ 'ਆਪ' ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਸਦ 'ਚ ਇਹ ਮੰਗ ਉਠਾਉਂਦਿਆਂ ਘੱਟੋ-ਘੱਟ 550 ਕਰੋੜ ਰੁਪਏ ਦੀ ਮੰਗ ਉਠਾਈ ਸੀ, ਪਰ ਮੋਦੀ ਸਰਕਾਰ ਨੇ ਦੜ ਹੀ ਵੱਟ ਲਈ। 'ਆਪ' ਆਗੂਆਂ ਨੇ ਕੇਂਦਰੀ ਮੰਤਰੀ ਤੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਬਾਦਲ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਇਸ ਇਤਿਹਾਸਕ ਮੌਕੇ 'ਤੇ ਉਹ ਆਪਣੀ ਮੋਦੀ ਸਰਕਾਰ ਤੋਂ 550 ਕਰੋੜ ਰੁਪਏ ਵੀ ਜਾਰੀ ਨਹੀਂ ਕਰਵਾ ਸਕਦੇ?