ਚੰਡੀਗੜ੍ਹ: ਪੰਜਾਬ ‘ਚ ਇੱਕ ਵਾਰ ਫੇਰ ਤੋਂ ਤਬਾਹੀ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਹ ਖ਼ਤਰਾ ਪੌਂਗ ਡੈਮ ਤੋਂ ਪੈਦਾ ਹੋ ਰਿਹਾ ਹੈ। ਭਾਖੜਾ ਡੈਮ ਤੋਂ ਬਾਅਦ ਹੁਣ ਪੌਂਗ ਡੈਮ ਨਾਲ ਪੰਜਾਬ ਹੜ੍ਹ ਦੀ ਚਪੇਟ ‘ਚ ਆ ਸਕਦਾ ਹੈ। ਪਿਛਲੇ ਦੋ-ਤਿੰਨ ਦਿਨ ਤੋਂ ਪੌਂਗ ਡੈਮ ਦੇ ਕੈਚਮੈਂਟ ਖੇਤਰ ‘ਚ ਭਾਰੀ ਬਾਰਸ਼ ਹੋਣ ਕਰਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਅਗਲੇ ਦੋ ਦਿਨ ਵਿੱਚ ਇੱਥੋਂ 26000 ਕਿਊਸਿਕ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ। ਇਸ ਬਾਰੇ ਪੰਜਾਬ ਸਰਕਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ ਜਿਸ ਨਾਲ ਸੂਬੇ ਦੇ ਕਈ ਇਲਾਕਿਆਂ ‘ਚ ਹੜ੍ਹ ਦਾ ਖਦਸ਼ਾ ਹੈ।

ਮਾਲ ਤੇ ਸਿੰਜਾਈ ਵਿਭਾਗ ਨੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਮੋਗਾ, ਜਲੰਧਰ, ਕਪੂਰਥਲਾ, ਫਰੀਦਕੋਟ ਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਦੇ ਡੀਸੀ ਨੂੰ ਚਿੱਠੀ ਲਿਖ ਹਾਲਾਤ ਨਾਲ ਨਜਿੱਠਣ ਲਈ ਤਿਆਰ ਰਹਿਣ ਨੂੰ ਕਿਹਾ ਹੈ। ਚਿੱਠੀ ‘ਚ ਸੂਚਨਾ ਦਿੱਤੀ ਗਈ ਹੈ ਕਿ ਬੀਬੀਐਮਬੀ ਨੇ ਅਗਲੇ ਦੋ ਦਿਨ ‘ਚ ਟਰਬਾਈਨ ਤੋਂ 12000 ਕਿਊਸਿਕ ਤੇ ਸਿਪਲਵੇ ਤੋਂ 14000 ਕਿਊਸਿਕ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ। ਇਹ ਪਾਣੀ ਬਿਆਸ ਦਰਿਆ ਤੋਂ ਹੁੰਦਾ ਹੋਇਆ ਹਰੀ ਕੇ ਪੱਤਣ ‘ਤੇ ਸਤਲੁਜ ‘ਚ ਜਾ ਕੇ ਮਿਲੇਗਾ।

ਸਿੰਜਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪਾਣੀ ਜ਼ਿਆਦਾ ਨਹੀਂ ਹੈ। ਇਸ ਨੂੰ ਕੰਟ੍ਰੋਲ ਕੀਤਾ ਜਾਵੇਗਾ, ਪਰ ਇਸ ਨਾਲ ਕੋਈ ਨੁਕਸਾਨ ਨਾ ਹੋਵੇ, ਇਸ ਲਈ ਡੀਸੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੌਂਗ ਡੈਮ ਤੋਂ ਬਿਜਲੀ ਪੈਦਾ ਕਰਨ ਲਈ 12000 ਕਿਊਸਿਕ ਪਾਣੀ ਟਰਬਾਈਨ ਰਾਹੀਂ ਛੱਡਿਆ ਜਾਵੇਗਾ।

ਅਜੇ ਮੌਨਸੂਨ ਦਾ ਸੀਜ਼ਨ ਵੀ ਤਿੰਨ ਹਫਤੇ ਦਾ ਬਾਕੀ ਹੈ। ਅਜਿਹੇ ‘ਚ ਬੀਬੀਐਮਬੀ ਵੀ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਤੇ ਪੌਂਗ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ।