ਚੰਡੀਗੜ੍ਹ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਪਵਿੱਤਰ ਅਸਥਾਨਾਂ ਦੀ ਯਾਤਰਾ ਦੌਰਾਨ ਭਾਰਤ ਤੇ ਵਿਦੇਸ਼ਾਂ ਤੋਂ ਆਏ ਸਿੱਖ ਸ਼ਰਧਾਲੂਆਂ ਨੂੰ ਮਲਟੀਪਲ ਆਨ ਅਰਾਈਵਲ ਵੀਜ਼ਾ ਜਾਰੀ ਕਰੇਗੀ ਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰੇਗੀ।


ਦ ਨਿਊਜ਼ ਇੰਟਰਨੈਸ਼ਨਲ ਮੁਤਾਬਕ ਇਮਰਾਨ ਖਾਨ ਨੇ ਸੋਮਵਾਰ ਨੂੰ ਰਾਜਪਾਲ ਭਵਨ ਵਿੱਚ ਅੰਤਰਰਾਸ਼ਟਰੀ ਸਿੱਖ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ, 'ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਤੁਹਾਨੂੰ ਮਲਟੀਪਲ​ਵੀਜ਼ੇ ਜਾਰੀ ਕੀਤੇ ਜਾਣਗੇ... ਇਹ ਸਾਡੀ ਜ਼ਿੰਮੇਵਾਰੀ ਹੈ। ਅਸੀਂ ਤੁਹਾਨੂੰ ਇਹ ਸਹੂਲਤ ਦੇਵਾਂਗੇ। ਇਥੋਂ ਤਕ ਕਿ ਹਵਾਈ ਅੱਡੇ 'ਤੇ ਵੀਜ਼ਾ ਸਹੂਲਤ ਮੁਹੱਈਆ ਕਰਾਵਾਂਗੇ।'


ਪ੍ਰਧਾਨ ਮੰਤਰੀ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਤੀਰਥ ਯਾਤਰਾ ਜਾਂ ਸੈਰ-ਸਪਾਟੇ ਲਈ ਪਾਕਿਸਤਾਨ ਦਾ ਦੌਰਾ ਕਰਨ ਦੇ ਇੱਛੁਕ ਵਿਦੇਸ਼ੀਆਂ ਨੂੰ ਵੀਜ਼ੇ ਲੈਣ 'ਚ ਦਰਪੇਸ਼ ਮੁਸ਼ਕਲਾਂ ਮਹਿਸੂਸ ਕੀਤੀਆਂ। ਉਨ੍ਹਾਂ ਕਿਹਾ, 'ਹਾਲਾਂਕਿ ਸਾਡੀ ਸਰਕਾਰ ਨੇ ਵੀਜ਼ਾ ਪ੍ਰਣਾਲੀ ਨੂੰ ਬਦਲਿਆ ਹੈ, ਰੁਕਾਵਟਾਂ ਪੈਦਾ ਕਰਨ ਦੀ ਮਾਨਸਿਕਤਾ ਹੌਲੀ ਹੌਲੀ ਘੱਟ ਹੁੰਦੀ ਜਾਵੇਗੀ।'