ਰੌਬਟ
ਚੰਡੀਗੜ੍ਹ: ਦੇਸ਼ ਦੁਨੀਆ ਦੇ ਨਾਲ-ਨਾਲ ਘਾਤਕ ਮਹਾਮਾਰੀ ਕੋਰੋਨਾਵਾਇਰਸ ਪੰਜਾਬ ਨੂੰ ਵੀ ਜਕੜਦਾ ਜਾ ਰਿਹਾ ਹੈ। ਪੰਜਾਬ ਭਰ 'ਚ ਕੋਰੋਨਾ ਨਾਲ 47 ਪੋਜ਼ਟਿਵ ਕੇਸ ਪਾਏ ਗਏ ਹਨ। ਇਸ ਮਾਰੂ ਕੋਰੋਨਾਵਾਇਰਸ ਨਾਲ 5 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਸੂਬੇ 'ਚ ਹੁਣ ਤੱਕ 1434 ਸੈਂਪਲ ਟੈਸਟ ਕੀਤਾ ਜਾ ਚੁੱਕੇ ਹਨ ਜਿਸ ਵਿੱਚ 1236 ਲੋਕਾਂ ਦੀ ਟੈਸਟ ਰਿਪੋਰਟ ਨੈਗਟਿਵ ਆਈ ਹੈ ਤੇ 151 ਲੋਕਾਂ ਦੀ ਰਿਪੋਰਟ ਅਜੇ ਉਡੀਕੀ ਜਾ ਰਹੀ ਹੈ। ਫਿਲਹਾਲ ਸੂਬੇ 'ਚ ਇੱਕ ਵਿਅਕਤੀ ਇਸ ਮਾਰੂ ਵਾਇਰਸ ਨੂੰ ਮਾਤ ਦੇ ਚੁੱਕਾ ਹੈ ਤੇ ਸਿਹਤਯਾਬ ਹੋਇਆ ਹੈ।

ਪੰਜਾਬ 'ਚ ਸਭ ਤੋਂ ਵੱਧ ਮਾਮਲੇ ਐਸਬੀਐਸ ਨਗਰ, ਨਵਾਂਸ਼ਹਿਰ ਦੇ ਹਨ ਜਿੱਥੇ ਇਸ ਵਕਤ 19 ਕੋਰੋਨਾ ਪੋਜ਼ਟਿਵ ਕੇਸ ਹਨ। ਦੂਜੇ ਨੰਬਰ ਤੇ ਐਸਏਐਸ ਨਗਰ, ਮੁਹਾਲੀ ਹੈ ਜਿੱਥੇ ਕੋਰੋਨਾ ਦੇ 10 ਮਾਮਲੇ ਸਾਹਮਣੇ ਆ ਚੁੱਕੇ ਹਨ।

ਇਸੇ ਦੌਰਾਨ ਹੁਸ਼ਿਆਰਪੁਰ ਇੱਕ ਨਵਾਂ ਮਾਮਲਾ ਸਾਹਮਣੇ ਆਉਣ ਨਾਲ ਜ਼ਿਲ੍ਹੇ 'ਚ ਕੁਲ ਮਾਮਲੇ ਸੱਤ ਹੋ ਚੁੱਕੇ ਹਨ। ਇਸ ਦੇ ਨਾਲ ਹੀ ਜਲੰਧਰ 'ਚ ਪੰਜ, ਲੁਧਿਆਣਾ 'ਚ ਤਿੰਨ, ਅੰਮ੍ਰਿਤਸਰ 'ਚ ਦੋ ਤੇ ਪਟਿਆਲਾ ਤੋਂ ਇੱਕ ਮਾਮਲਾ ਸਾਹਮਣੇ ਆ ਚੁੱਕਾ ਹੈ। ਸਾਰੇ ਮਰੀਜ਼ਾ ਨੂੰ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ।