ਚੰਡੀਗੜ੍ਹ: ਭਾਰਤ ਸਰਕਾਰ ਨੇ ਕਾਲੇ ਧਨ ਨਾਲ ਨਜਿੱਠਣ ਲਈ 500 ਤੇ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਹਨ। ਲੋਕ ਇਸ ਫੈਸਲੇ ਨੂੰ ਚੰਗਾ ਕਹਿ ਰਹੇ ਹਨ ਪਰ ਇੱਕਦਮ ਪ੍ਰੇਸ਼ਾਨੀਆਂ ਦਾ ਪਹਾੜ ਟੱਟ ਪੈਣ ਕਰਕੇ ਸਰਕਾਰ ਨੂੰ ਕੋਸ ਵੀ ਰਹੇ ਹਨ। ਅੱਜ 'ਏਬੀਪੀ ਸਾਂਝਾ' ਦੀਆਂ ਟੀਮਾਂ ਨੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੁਹਾਲੀ, ਚੰਡੀਗੜ੍ਹ, ਫਿਰੋਜ਼ਪੁਰ, ਬਠਿੰਡਾ ਤੇ ਹੋਰ ਸ਼ਹਿਰਾਂ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਜਾਣੀਆਂ।

ਹੈਰਾਨੀ ਦੀ ਗੱਲ ਹੈ ਕਿ ਭਾਰਤ ਸਰਕਾਰ ਨੇ ਅਗਲੇ ਤਿੰਨ ਦਿਨ ਪੈਟਰੋਲ ਪੰਪਾਂ 'ਤੇ ਪੁਰਾਣੇ ਨੋਟ ਚੱਲ਼ਣ ਦਾ ਐਲਾਨ ਕੀਤਾ ਸੀ ਪਰ ਪੈਟਰੋਲ ਪੰਪ ਵਾਲਿਆਂ ਨੇ ਅੱਜ ਤੋਂ ਹੀ 500-1000 ਦੇ ਨੋਟ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਕਰਕੇ ਤੇਲ ਪੁਆਉਣ ਵਾਲੇ ਲੋਕ ਕਾਫੀ ਖੱਜਲ-ਖੁਆਰ ਹੋਏ। ਪੈਟਰੋਲ ਪੰਪ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਬਕਾਇਆ ਮੋੜ ਲਈ ਛੋਟੇ ਨੋਟ ਹੀ ਮੁੱਕ ਗਏ ਹਨ।

ਇਸ ਫੈਸਲੇ ਨਾਲ ਅੱਜ ਜਿੱਥੇ ਆਮ ਲੋਕਾਂ ਦੀ ਖੱਜਲ-ਖੁਆਰੀ ਹੋਈ, ਉੱਥੇ ਦੁਕਾਨਦਾਰਾਂ, ਛੋਟੇ ਕਾਰੋਬਾਰੀਆਂ ਤੇ ਰੇਹੜੀ ਫੜ੍ਹੀ ਵਾਲੇ ਵੀ ਪ੍ਰੇਸ਼ਾਨ ਦਿੱਸੇ। ਦੁਕਾਨਦਾਰਾਂ ਨੇ ਕਿਹਾ ਕਿ ਗਾਹਕ 500 ਜਾਂ 1000 ਦੇ ਨੋਟ ਫੜਾਉਂਦੇ ਹਨ ਪਰ ਸਾਡੇ ਕੋਲ ਬਕਾਇਆ ਮੋਰਨ ਲਈ ਵੀ ਪੈਸੇ ਨਹੀਂ। ਇਸ ਲਈ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ।

ਰੇਹੜੀ ਵਾਲੇ ਸਭ ਤੋਂ ਵੱਧ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਕਈਆਂ ਦੇ ਤਾਂ ਬੈਂਕ ਖਾਤੇ ਵੀ ਨਹੀਂ। ਇਸ ਲਈ ਅਸੀਂ 500 ਜਾਂ 1000 ਦੇ ਨੋਟ ਲੈ ਹੀ ਨਹੀਂ ਸਕਦੇ। ਇਸ ਲਈ ਅੱਜ ਪੂਰਾ ਦਿਨ ਬੇਕਾਰ ਗਿਆ।