ਫ਼ਰੀਦਕੋਟ: ਆਮ ਆਦਮੀ ਪਾਰਟੀ ਦੇ ਫ਼ਰੀਦਕੋਟ ਤੋਂ ਉਮੀਦਵਾਰ ਪ੍ਰੋ. ਸਾਧੂ ਸਿੰਘ ਨੇ ਆਖਰ ਆਪਣੀ ਨਾਮਜ਼ਦਗੀ ਦਾਖ਼ਲ ਕਰ ਹੀ ਦਿੱਤੀ ਹੈ। ਹਾਲਾਂਕਿ, ਅੱਜ ਭਗਵੰਤ ਮਾਨ ਨੇ ਵੀ ਉਨ੍ਹਾਂ ਦਾ ਪਰਚਾ ਭਰਵਾਉਣ ਸਮੇਂ ਪਹੁੰਚਣਾ ਸੀ, ਪਰ ਉਹ ਦੇਰੀ ਨਾਲ ਪਹੁੰਚੇ।


ਪ੍ਰੋ. ਸਾਧੂ ਸਿੰਘ ਨੇ ਬੀਤੇ ਸ਼ੁੱਕਰਵਾਰ ਨੂੰ ਵੀ ਨਾਮਜ਼ਦਗੀ ਦਾਖ਼ਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਗਜ਼ਾਤਾਂ ਵਿੱਚ ਕਮੀ ਕਾਰਨ ਉਹ ਸਫਲ ਨਹੀਂ ਹੋਏ ਸੀ। ਹੁਣ ਪ੍ਰੋ. ਸਾਧੂ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਤਾਂ ਦਾਖ਼ਲ ਕੀਤੇ ਹੀ ਪਰ ਆਪਣੇ ਪੁੱਤਰ ਨੂੰ ਵੀ ਆਪਣੇ ਪਿੱਛੇ ਖੜ੍ਹਾ ਕਰ ਲਿਆ। ਪ੍ਰੋ. ਸਾਧੂ ਸਿੰਘ ਦੇ ਪੁੱਤਰ ਰਾਜਪਾਲ ਸਿੰਘ ਨੇ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।

ਦੇਰੀ ਨਾਲ ਪਹੁੰਚੇ ਭਗਵੰਤ ਮਾਨ ਨੇ ਪ੍ਰੋ. ਸਾਧੂ ਸਿੰਘ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲਿਆ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਰੋਧੀਆਂ 'ਤੇ ਖ਼ੂਬ ਸਿਆਸੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 'ਆਪ' ਨੂੰ ਜੋ ਪਿਆਰ ਮਿਲ ਰਿਹਾ ਹੈ, ਉਸ ਤੋਂ ਵਿਰੋਧੀ ਪਾਰਟੀਆਂ ਘਬਰਾ ਗਈਆਂ ਹਨ ਤੇ ਸਾਡੇ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਕਰ ਰਹੇ ਹਨ।

ਉਨ੍ਹਾਂ ਖ਼ੁਦਮੁਖ਼ਤਿਆਰੀ ਦੀ ਘਾਟ ਕਰਕੇ 'ਆਪ' ਤੋਂ ਦੂਰ ਹੋਣ ਵਾਲੇ ਖਹਿਰਾ ਧੜੇ ਦੇ ਵਿਧਾਇਕਾਂ 'ਤੇ ਵਿਅੰਗ ਕਰਦਿਆਂ ਕਿਹਾ ਕਿ ਪੰਜਾਬ ਦੀ 'ਆਪ' ਤਾਂ ਆਪਣੇ ਫੈਸਲੇ ਲੈ ਰਹੀ ਹੈ ਪਰ ਹੁਣ ਕੀ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਪੰਜਾਬ ਆ ਕੇ ਮਾਨਸ਼ਾਹੀਆ ਨਾਲ ਮੀਟਿੰਗ ਕਰ ਫੈਸਲੇ ਲੈਣਗੇ। ਉਨ੍ਹਾਂ ਇਹ ਵੀ ਕਿਹਾ ਕਿ ਐਸਆਈਟੀ ਨੇ ਗੋਲ਼ੀ ਚਲਾਉਣ ਦੇ ਹੁਕਮ ਦੇਣ ਵਾਲਿਆਂ ਨੂੰ ਕਲੀਨ ਚਿੱਟ ਦੇ ਦਿੱਤੀ, ਸਾਰਿਆਂ ਨੂੰ ਪਤਾ ਹੈ ਕਿ ਗੋਲ਼ੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਸਿਰਫ ਕੈਪਟਨ ਨੂੰ ਹੀ ਨਹੀਂ ਪਤਾ।