ਅਕਾਲੀ ਦਲ ਦੀ ਰੈਲੀ ਖਿਲਾਫ ਡਟੀਆਂ ਸਿੱਖ ਜਥੇਬੰਦੀਆਂ, 10000 ਪੁਲਿਸ ਮੁਲਾਜ਼ਮਾਂ ਨੇ ਬਣਾਈ ਰੱਖੀ ਸ਼ਾਂਤੀ
ਏਬੀਪੀ ਸਾਂਝਾ | 16 Sep 2018 01:43 PM (IST)
ਫ਼ਰੀਦਕੋਟ: ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਰੋਕਣ ਲਈ ਸਿੱਖ ਜਥੇਬੰਦੀਆਂ ਡਟੀਆਂ ਰਹੀਆਂ। ਰੈਲੀ ਰੋਕਣ ਲਈ ਅੱਗੇ ਵਧ ਰਹੀਆਂ ਸਿੱਖ ਜਥੇਬੰਦੀਆਂ ਨੂੰ ਪੁਲਿਸ ਨੇ ਸ਼ਹਿਰ ਦੇ ਬਾਹਰ ਹੀ ਰੋਕ ਦਿੱਤਾ। ਕਾਨੂੰਨੀ ਵਿਵਸਥਾ ਬਣਾਏ ਰੱਖਣ ਲਈ ਤਕਰੀਬਨ 10 ਹਜ਼ਾਰ ਪੁਲਿਸ ਮੁਲਾਜ਼ਮ ਫ਼ਰੀਦਕੋਟ ਵਿੱਚ ਤਾਇਨਾਤ ਕੀਤੇ ਗਏ। ਹਾਲਾਂਕਿ, ਜਥੇਬੰਦੀਆਂ ਬੈਰੀਕੇਡ ਤੋੜ ਕੇ ਅੱਗੇ ਵਧ ਗਈਆਂ ਪਰ ਸ਼ਹਿਰ ਅੰਦਰ ਵੜਨ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਪੁਲਿਸ ਤੇ ਜਥੇਬੰਦੀਆਂ ਦੀ ਇਸ ਖਿੱਚੋਤਾਣ ਵਿੱਚ ਐਂਬੂਲੈਂਸ ਕਾਫੀ ਦੇਰ ਤਕ ਫਸੀ ਰਹੀ। ਧਰਨੇ ਤੇ ਪੁਲਿਸ ਬਲਾਂ ਵਿਚਕਾਰ ਇੱਕ ਛੋਟੇ ਬੱਚੇ ਨੂੰ ਹਸਪਤਾਲ ਲਿਜਾ ਰਹੀ ਐਂਬੂਲੈਂਸ ਫਸ ਗਈ। ਪੁਲਿਸ ਨੇ ਐਂਬੂਲੈਂਸ ਨੂੰ ਵੀ ਸ਼ਹਿਰ ਦੇ ਅੰਦਰ ਵੜਨ ਦੀ ਇਜਾਜ਼ਤ ਨਹੀਂ ਦਿੱਤੀ। ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਧਰਨਾ ਸੜਕ ਤੋਂ ਹਟਾ ਲਿਆ ਪਰ ਇਸ ਦੇ ਬਾਵਜੂਦ ਪੁਲਿਸ ਨੇ ਆਪਣੀ ਬੈਰੀਕੇਡਿੰਗ ਤਾਇਨਾਤ ਰੱਖੀ ਤੇ ਐਂਬੂਲੈਂਸ ਨੂੰ ਵਾਪਸ ਮੁੜਨਾ ਪਿਆ। ਐਂਬੂਲੈਂਸ ਵਿੱਚ ਮਰੀਜ਼ ਛੋਟੇ ਬੱਚੇ ਦੀ ਹਾਲਤ ਕਾਫੀ ਨਾਜ਼ੁਕ ਸੀ ਤੇ ਉਸ ਨੂੰ ਆਕਸੀਜਨ ਵੀ ਲੱਗੀ ਹੋਈ ਸੀ। ਅਜਿਹੇ ਪ੍ਰਬੰਧਾਂ 'ਤੇ ਇੰਸਪੈਕਟਰ ਜਨਰਲ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਫ਼ਰੀਦਕੋਟ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਹਾਲਤ ਬਹਾਲ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪਿੰਡ ਬਾਦਲ ਤੋਂ ਫ਼ਰੀਦਕੋਟ ਤਕ ਪੂਰੇ ਸੁਰੱਖਿਆ ਘੇਰੇ ਵਿੱਚ ਲਿਆਂਦਾ ਗਿਆ। ਆਈ ਜੀ ਛੀਨਾ ਨੇ ਕਿਹਾ ਕਿ ਜੇਕਰ ਕੋਈ ਵੀ ਪ੍ਰਦਰਸ਼ਨਕਾਰੀ ਕਾਨੂੰਨ ਹੱਥ ਵਿੱਚ ਲਵੇਗਾ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੁਲਿਸ ਨੇ ਫ਼ਰੀਦਕੋਟ ਪ੍ਰਸ਼ਾਸਨ ਨੂੰ ਧਾਰਾ 144 ਲਾਉਣ ਦੀ ਸਿਫਾਰਸ਼ ਪਹਿਲਾਂ ਹੀ ਕਰ ਦਿੱਤੀ ਗਈ ਸੀ।