ਚੰਡੀਗੜ੍ਹ: ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੋ ਗਿਆ ਹੈ ਤੇ ਉਧਰ, ਮੁਲਾਜ਼ਮਾਂ ਦੀਆਂ ਜੇਬਾਂ ਖਾਲੀ ਹੋਣੀਆਂ ਸ਼ੁਰੂ ਹੋ ਗਈਆਂ ਹਨ। ਹੁਣ ਮੁਲਾਜ਼ਮਾਂ ਤੇ ਸਰਕਾਰ ਦਾ ਸੜਕਾਂ 'ਤੇ ਪੇਚਾ ਪੈਣਾ ਸ਼ੁਰੂ ਹੋ ਗਿਆ ਹੈ। ਅਜੇ ਤੱਕ ਅਕਤੂਬਰ ਮਹੀਨੇ ਦੀ ਤਨਖਾਹ ਨਾ ਮਿਲਣ ਕਰਕੇ ਮੁਲਾਜ਼ਮ ਸੜਕਾਂ 'ਤੇ ਆਉਣ ਲੱਗੇ ਹਨ। ਇਹ ਪਹਿਲ ਪਾਵਰਕੌਮ ਦੇ ਮੁਲਾਜ਼ਮਾਂ ਨੇ ਕੀਤੀ ਹੈ।

‘ਬਿਜਲੀ ਮੁਲਾਜ਼ਮ ਏਕਤਾ ਮੰਚ’ ਪੰਜਾਬ ਦੇ ਸੱਦੇ 'ਤੇ ਬਿਜਲੀ ਮੁਲਾਜ਼ਮਾਂ ਨੇ ਪੰਜਾਬ ਦੀਆਂ ਸਬ-ਡਿਵੀਜ਼ਨਾਂ ਤੇ ਡਿਵੀਜ਼ਨਾਂ ਵਿੱਚ ਰੋਸ ਰੈਲੀਆਂ ਕਰਕੇ ਪਾਵਰਕੌਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੰਚ ਨੇ ਐਲਾਨ ਕੀਤਾ ਕਿ ਤਨਖ਼ਾਹ ਵਿੱਚ ਹੋਰ ਦੇਰੀ ਕਰਨ ’ਤੇ 4 ਦਸੰਬਰ ਤੋਂ ਸਮੁੱਚੇ ਮੁਲਾਜ਼ਮ ‘ਤਨਖ਼ਾਹ ਨਹੀਂ ਤਾਂ ਕੰਮ ਨਹੀਂ’ ਦੇ ਸਿਧਾਂਤ ਹੇਠ ਸਰਕਾਰੀ ਕੰਮਾਂ ਦਾ ਬਾਈਕਾਟ ਸ਼ੁਰੂ ਕਰ ਦੇਣਗੇ।

ਇਸ ਤੋਂ ਇਲਾਵਾ ਹੋਰ ਮਹਿਕਮਿਆਂ ਦੇ ਮੁਲਾਜ਼ਮ ਵੀ ਸੜਕਾਂ 'ਤੇ ਆਉਣ ਲਈ ਰਣਨੀਤੀ ਉਲੀਕ ਰਹੇ ਹਨ। ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦਾ ਕਹਿਣਾ ਹੈ ਕਿ ਤਨਖ਼ਾਹਾਂ ਨਾ ਮਿਲਣ ਕਾਰਨ ਮੁਲਾਜ਼ਮਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਹਤ ਵਿਭਾਗ ਨਾਲ ਸਬੰਧਤ ਚੌਥਾ ਦਰਜਾ ਮੁਲਾਜ਼ਮਾਂ ਦੇ ਆਗੂ ਰਾਮ ਕਿਸ਼ਨ ਨੇ ਵੀ ਤਨਖ਼ਾਹਾਂ ਨਾ ਮਿਲਣ ਦੀ ਗੱਲ ਆਖੀ।

ਸਿੰਜਾਈ ਵਿਭਾਗ ਦੇ ਮੁਲਾਜ਼ਮ ਤੇ ਕਰਮਚਾਰੀ ਦਲ ਦੇ ਆਗੂ ਗਿਆਨ ਸੁਰਿੰਦਰ ਸਿੰਘ ਫਰੀਦਪੁਰ, ਮਿਉਂਸਿਪਲ ਵਰਕਰਜ਼ ਯੂਨੀਅਨ ਦੇ ਸਲਾਹਕਾਰ ਅਜੈਬ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਨੂੰ ਤਨਖ਼ਾਹਾਂ ਸਮੇਂ ਸਿਰ ਜਾਰੀ ਕਰਨ ਦੀ ਕਾਰਵਾਈ ਯਕੀਨੀ ਬਣਾਉਣੀ ਚਾਹੀਦੀ ਹੈ। ਦਰਅਸਲ ਮੁਲਾਜ਼ਮਾਂ ਨੂੰ ਅਜੇ ਤੱਖ ਤਨਖ਼ਾਹ ਨਹੀਂ ਮਿਲੀ। ਮੁਲਾਜ਼ਮਾਂ ਨੂੰ ਤੌਖਲਾ ਹੈ ਕਿ ਤਨਖ਼ਾਹ ਦੀ ਦੇਰੀ ਲੰਮੀ ਵੀ ਪੈ ਸਕਦੀ ਹੈ।