ਚੰਡੀਗੜ੍ਹ: ਕਿਸਾਨਾਂ ਤੋਂ ਬਾਅਦ ਸਰਕਾਰੀ ਮੁਲਾਜ਼ਮ ਕੈਪਟਨ ਸਰਕਾਰ ਲਈ ਵੱਡੀ ਮੁਸੀਬਤ ਖੜ੍ਹੀ ਕਰਨ ਜਾ ਰਹੇ ਹਨ। ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਅੱਕੀਆਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਨੇ ਇੱਕਜੁਟ ਹੋ ਕੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਘੜੀ ਹੈ। ਮੰਨਿਆ ਜਾ ਰਿਹਾ ਹੈ ਕਿ ਮੁਲਾਜ਼ਮ ਜਥੇਬੰਦੀਆਂ ਕੈਪਟਨ ਦੇ ਦੋ ਮੰਤਰੀਆਂ ਸਿੱਖਿਆ ਮੰਤਰੀ ਓਪੀ ਸੋਨੀ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣ ਜਾ ਰਹੀਆਂ ਹਨ। ਇਸ ਲਈ ਸਮੂਹ ਅਧਿਆਪਕ ਤੇ ਮੁਲਾਜ਼ਮ ਜਥੇਬੰਦੀਆਂ ਨੇ 18 ਨਵੰਬਰ ਨੂੰ ਮਨਪ੍ਰੀਤ ਬਾਦਲ ਦੀ ਬਠਿੰਡਾ ਤੇ ਓਪੀ ਸੋਨੀ ਦੀ ਅੰਮ੍ਰਿਤਸਰ ਰਿਹਾਇਸ਼ ਮੂਹਰੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ 12 ਤੋਂ 14 ਨਵੰਬਰ ਤਕ ਹਰੇਕ ਜ਼ਿਲ੍ਹੇ ਵਿਚਲੇ ਮੰਤਰੀਆਂ ਤੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਦੀਆਂ ਰਿਹਾਇਸ਼ਾਂ ਮੂਹਰੇ ਪਿੱਟ ਸਿਆਪੇ ਕਰਨ ਦਾ ਐਲਾਨ ਕੀਤਾ ਹੈ। ਦਰਅਸਲ ਮੁਲਾਜ਼ਮਾਂ ਦੀਆਂ ਮੰਗਾਂ ਕਈ ਸਾਲਾਂ ਤੋਂ ਲਟਕ ਰਹੀਆਂ ਹਨ। ਪੰਜਾਬ ਦੇ ਅਧਿਆਪਕ ਪੂਰੀਆਂ ਤਨਖਾਹਾਂ ਵਿੱਚ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਮੇਤ ਹੋਰ ਮੰਗਾਂ ਲਈ ਤਿੱਖਾ ਸੰਘਰਸ਼ ਚਲਾ ਰਹੇ ਹਨ। ਸਿੱਖਿਆ ਮੰਤਰੀ ਓਪੀ ਸੋਨੀ ਨੇ ਉਨ੍ਹਾਂ ਦੀ ਸੁਣਵਾਈ ਕਰਨ ਦੀ ਥਾਂ ਮੁਅੱਤਲੀਆਂ ਤੇ ਬਦਲੀਆਂ ਦਾ ਚੱਕਰ ਚਲਾਇਆ ਹੋਇਆ ਹੈ। ਇਸ ਤੋਂ ਔਖੇ ਅਧਿਆਪਕ ਸੋਨੀ ਦੇ ਅਸਤੀਫੇ ਦੀ ਮੰਗ ਕਰਨ ਲੱਗੇ ਹਨ। ਇਸ ਤੋਂ ਇਲਾਵਾ ਮੁਲਾਜ਼ਮ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਤੋਂ ਵੀ ਔਖੇ ਹਨ। ਉਨ੍ਹਾਂ ਵੱਲੋਂ ਜਨਵਰੀ 2017 ਤੋਂ ਹੁਣ ਤਕ ਕੇਂਦਰੀ ਪੈਟਰਨ ’ਤੇ ਬਣਦੀਆਂ ਡੀਏ ਦੀਆਂ 16 ਫੀਸਦ 4 ਕਿਸ਼ਤਾਂ ਰੋਕੀਆਂ ਹੋਈਆਂ ਹਨ। ਉਲਟਾ 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਥੋਪ ਕੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਭਾਰੀ ਵਿੱਤੀ ਸੱਟ ਮਾਰੀ ਹੈ।