ਬਰਨਾਲਾ: ਜ਼ਿਲ੍ਹੇ ਵਿੱਚ ਹਲਕਾ ਭਦੌੜ ਲਈ ਸਿਰਦਰਦੀ ਬਣੇ ਟੋਲ ਪਲਾਜ਼ਾ 'ਤੇ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਤੋਂ ਧਾਵਾ ਬੋਲ ਦਿੱਤਾ ਹੈ। ਨਵੀਆਂ ਬਣੀਆਂ ਸੜਕਾਂ 'ਤੇ ਧੜਾਧੜ ਲੱਗ ਰਹੇ ਟੋਲ ਲੋਕਾਂ ਲਈ ਸਿਰਦਰਦੀ ਬਣਦੇ ਜਾ ਰਹੇ ਹਨ। ਇਹੋ ਜਿਹਾ ਹੀ ਇੱਕ ਟੋਲ ਪਲਾਜ਼ਾ, ਜ਼ਿਲ੍ਹਾ ਬਰਨਾਲਾ ਵਿੱਚ ਉਸਾਰਿਆ ਜਾ ਰਿਹਾ ਹੈ, ਜਿਸ ਪ੍ਰਤੀ ਲੋਕਾਂ ਵਿੱਚ ਕਾਫੀ ਰੋਸ ਹੈ। ਲੋਕਾਂ ਦੀ ਮੰਗ ਹੈ ਕਿ ਇਸ ਟੋਲ ਨੂੰ ਕਿਸੇ ਹੋਰ ਜਗ੍ਹਾ ਲਾਇਆ ਜਾਵੇ।
ਆਮ ਆਦਮੀ ਪਾਰਟੀ ਦੇ ਹਲਕਾ ਬਰਨਾਲਾ, ਭਦੌੜ ਤੇ ਮਹਿਲ ਕਲਾਂ ਤੋਂ ਵਿਧਾਇਕਾਂ ਨੇ ਇਸ ਟੋਲ ਪਲਾਜ਼ਾ ਦਾ ਸਥਾਨ ਤਬਦੀਲ ਕਰਨ ਲਈ ਸ਼ਨੀਵਾਰ ਨੂੰ ਇੱਕ ਵਾਰ ਫਿਰ ਤੋਂ ਧਰਨਾ ਦਿੱਤਾ ਹੈ। ਆਪ ਦੇ ਭਦੌੜ ਤੋਂ ਵਿਧਾਇਕ ਨਿਰਮਲ ਪੰਡੋਰੀ ਨੇ ਦੱਸਿਆ ਕਿ ਇਹ ਟੋਲ ਬਰਨਾਲਾ ਤੋਂ ਮੋਗਾ ਸੜਕ 'ਤੇ ਲਾਇਆ ਜਾ ਰਿਹਾ ਹੈ ਤੇ ਇਸ ਦੀ ਸਥਾਪਨਾ ਪੱਖੋ ਕੈਂਚੀਆਂ ਤੋਂ ਬਰਨਾਲਾ ਦੇ ਵਿਚਕਾਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਭਦੌੜ ਤੇ ਅੱਗੇ ਜੈਤੋ, ਫ਼ਰੀਦਕੋਟ ਜਾਣ ਵਾਲੇ ਲੋਕਾਂ ਨੂੰ ਸਿਰਫ਼ 5-7 ਕਿਲੋਮੀਟਰ ਤਕ ਇਹ ਸੜਕ ਵਰਤਣ ਲਈ ਟੋਲ ਟੈਕਸ ਅਦਾ ਕਰਨਾ ਪਵੇਗਾ, ਜੋ ਕਿ ਸਰਾਸਰ ਗ਼ਲਤ ਹੈ।
ਬਰਨਾਲਾ ਤੋਂ ਆਪ ਵਿਧਾਇਕ ਮੀਤ ਹੇਅਰ ਤੇ ਮਹਿਲ ਕਲਾਂ ਤੋਂ ਵਿਧਾਇਕ ਪਿਰਮਲ ਸਿੰਘ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਜ਼ਿਲ੍ਹੇ ਦੇ ਡੀਸੀ ਤੇ ਸੜਕ ਮੰਤਰਾਲੇ ਦੇ ਖੇਤਰੀ ਦਫ਼ਤਰ ਨੂੰ ਲਿਖ ਚੁੱਕੇ ਹਨ, ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਕੁਝ ਸੁਣ ਨਹੀਂ ਰਿਹਾ ਇਸ ਲਈ ਉਨ੍ਹਾਂ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਵਿਧਾਇਕਾਂ ਤੇ ਲੋਕਾਂ ਨੇ ਮੰਗ ਕੀਤੀ ਕਿ ਇਸ ਟੋਲ ਨੂੰ ਪੱਖੋ ਕੈਂਚੀਆਂ ਤੋਂ ਮੋਗਾ ਵਾਲੀ ਸੜਕ 'ਤੇ ਲਾਇਆ ਜਾਵੇ ਤਾਂ ਜੋ ਭਦੌੜ, ਜੈਤੋ ਤੇ ਫ਼ਰੀਦਕੋਟ ਜਾਣ ਵਾਲੇ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ।